ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 6 ਨਵੰਬਰ
ਰਾਮਗੜ੍ਹੀਆ ਸੁਸਾਇਟੀ, ਪੰਜਾਬੀ ਕਲੋਨੀ ਵੱਲੋਂ ਜੱਸਾ ਸਿੰਘ ਰਾਮਗੜ੍ਹੀਆ ਭਵਨ ਵਿੱਚ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਪਹਿਲਾਂ ਪਾਠ ਦੇ ਭੋਗ ਪਾਏ ਗਏ ਮਗਰੋਂ ਰਾਗੀ ਜਥਿਆਂ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਅਰੀ ਵੱਲੋਂ ਭਵਨ ਵਿੱਚ ਚੱਲ ਰਹੇ ਸਿਲਾਈ ਸੈਂਟਰ ਦੀਆਂ ਸਿਖਆਰਥਣਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਤੇ ਕੋਰਸ ਪੂਰੇ ਹੋਣ ’ਤੇ ਪ੍ਰਮਾਣ ਪੱਤਰ ਦਿੱਤੇ ਗਏ। ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ ਬਾਂਸਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮਾਜਕ ਖੇਤਰ ਵਿੱਚ ਸਥਾਨਕ ਸੰਗਤ ਦੇ ਸਹਿਯੋਗ ਨਾਲ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਚੇਅਰਮੈਨ ਸੁਖਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਨਵੀਂ ਪਨੀਰੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਜਿੱਥੇ ਗੁਰਬਾਣੀ ਦੇ ਲੜ ਲਾਉਣਾ ਮਾਪਿਆਂ ਦਾ ਫਰਜ਼ ਹੈ ਉੱਥੇ ਹੀ ਸਮਾਜਕ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਵੀਂ ਪੀੜ੍ਹੀ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਯੋਗ ਬਣਾਉਣ ਲਈ ਆਪਣੇ ਸਾਰੇ ਸਾਧਨ ਝੋਕ ਦੇਣੇ ਚਾਹੀਦੇ ਹਨ। ਇਸ ਮੌਕੇ ਹੋਰ ਸਥਾਨਕ ਸਮਾਜਕ ਸੰਸਥਾਵਾਂ ਦੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸਕੱਤਰ ਦਵਿੰਦਰ ਸਿੰਘ ਕਲਸੀ, ਖਜਾਨਚੀ ਸਰਬਜੀਤ ਸਿੰਘ ਬੰਸਲ ਤੇ ਹੋਰ ਸ਼ਖ਼ਸ਼ੀਅਤਾਂ ਵੀ ਇਸ ਮੌਕੇ ਹਾਜ਼ਰ ਸਨ। ਰਾਮਗੜ੍ਹੀਆ ਭਾਈਚਾਰਾ ਇੱਥੇ ਸਨਅਤੀ ਖੇਤਰ ਵਿੱਚ ਸਥਾਪਤ ਹੈ।
ਸਮਾਗਮ ਦੌਰਾਨ 76 ਯੂਨਿਟ ਖ਼ੂਨਦਾਨ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਅੱਜ ਧੀਮਾਨ ਸਮਾਜ ਵੱਲੋਂ ਬਾਬਾ ਵਿਸ਼ਵਕਰਮਾ ਦੇ ਜਨਮ ਦਿਨ ਮੌਕੇ ਰੇਲਵੇ ਰੋਡ ਕੂਰੂਕਸ਼ੇਤਰ ਸਥਿਤ ਵਿਸ਼ਵਕਰਮਾ ਮੰਦਰ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਧੀਮਾਨ ਬ੍ਰਾਹਮਣ ਸਮਾਜ ਦੀ ਧਰਮਸ਼ਾਲਾ ਲਈ ਆਪਣੇ ਕੋਟੇ ਵਿੱਚੋਂ ਕਮਰਿਆਂ ਦੇ ਨਿਰਮਾਣ ਲਈ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਵਿਸ਼ੇਸ਼ ਮਹਿਮਾਨ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਵਿਸ਼ਵਕਰਮਾ ਨੂੰ ਦੁਨੀਆਂ ਦਾ ਪਹਿਲਾ ਇੰਜਨੀਅਰ ਤੇ ਵਸਤੂਕਾਰ ਮੰਨਿਆ ਜਾਂਦਾ ਹੈ। ਇਸ ਮੌਕੇ ਡਾ. ਬਲਦੇਵ ਧੀਮਾਨ ਨੇ ਡਾ ਬਲਦੇਵ ਧੀਮਾਨ ਨੇ ਕਿਹਾ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉਚ ਸਿੱਖਿਆ ਦਿਵਾਉਣ ਲਈ ਸੰਸਥਾ ਇਕ ਲਾਇਬਰੇਰੀ ਤੇ ਕੋਚਿੰਗ ਸੈਂਟਰ ਦੀ ਸ਼ੁਰੂਆਤ ਕਰੇ ਇਸ ਮੌਕੇ ਖੂਨ ਦਾਨ ਕੈਂਪ ਵਿਚ 76 ਯੂਨਿਟ ਖੂਨ ਇਕੱਠਾ ਕੀਤਾ ਗਿਆ।