ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਮਾਰਚ
ਅੰਬਾਲਾ ਸ਼ਹਿਰ ਵਿੱਚ ਮੂੰਹ-ਬੋਲੇ ਭਰਾ ਨੇ ਗੁਆਂਢ ਵਿਚ ਰਹਿੰਦੀ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦਿਆਂ ਪੈਸੇ ਵਸੂਲਦਾ ਰਿਹਾ। ਮਾਪਿਆਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਲੜਕੇ ਦੇ ਖ਼ਿਲਾਫ਼ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਪਰਿਵਾਰ ਨਾਲ ਜਾਣ-ਪਛਾਣ ਹੋਈ ਅਤੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਉਸ ਪਰਿਵਾਰ ਦਾ ਲੜਕਾ ਉਨ੍ਹਾਂ ਦੀ ਲੜਕੀ ਨੂੰ ਆਪਣੀ ਭੈਣ ਕਹਿੰਦਾ ਸੀ ਅਤੇ ਉਸ ਕੋਲੋਂ ਰਖੜੀ ਵੀ ਬੰਨ੍ਹਵਾਉਂਦਾ ਸੀ। ਇਸ ਲਈ ਉਨ੍ਹਾਂ ਨੂੰ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ। ਉਨ੍ਹਾਂ ਦੇਖਿਆ ਕਿ ਲੜਕੀ ਹਮੇਸ਼ਾ ਡਰੀ ਹੋਈ ਰਹਿੰਦੀ ਸੀ। ਪੁੱਛਣ ’ਤੇ ਉਸ ਨੇ ਸਾਰੀ ਹਕੀਕਤ ਬਿਆਨ ਕੀਤੀ ਕਿ ਇਕ ਦਿਨ ਜਦੋਂ ਉਹ ਭਰਾ ਬਣੇ ਲੜਕੇ ਦੇ ਘਰ ਗਈ ਤਾਂ ਪਰਿਵਾਰ ਨੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਪਿਲਾਇਆ ਅਤੇ ਲੜਕੇ ਨੇ ਉਸ ਨਾਲ ਜਬਰ-ਜਨਾਹ ਕਰਕੇ ਵੀਡੀਓ ਬਣਾਈ। ਉਹ ਵੀਡੀਓ ਦਾ ਡਰ ਪਾ ਕੇ ਉਸ ਨੂੰ ਬਲੈਕ ਮੇਲ ਕਰਦਾ ਰਿਹਾ। ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਲੜਕਾ ਉਸ ਕੋਲੋਂ ਪੈਸੇ ਮੰਗਦਾ ਸੀ ਅਤੇ ਉਹ ਹੁਣ ਤੱਕ 40 ਹਜ਼ਾਰ ਰੁਪਏ ਲੜਕੇ ਨੂੰ ਦੇ ਚੁੱਕੀ ਹੈ। ਇਸ ਮੰਤਵ ਲਈ ਲੜਕੀ ਆਪਣੇ ਪਿਤਾ ਦੀ ਜੇਬ ਵਿੱਚੋਂ ਪੈਸੇ ਕੱਢਦੀ ਸੀ।
ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ: ਡੀਐੱਸਪੀ
ਡੀਐੱਸਪੀ ਮਦਨ ਲਾਲ ਨੇ ਦੱਸਿਆ ਕਿ ਮਾਪਿਆਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।