ਪੰਚਕੂਲਾ: ਹਰਿਆਣਾ ਲੋਕ ਸੇਵਾ ਆਯੋਗ ਵਿੱਚ ਐੱਚਸੀਐੱਸ ਅਧਿਕਾਰੀ ਰਹੇ ਅਨਿਲ ਨਾਗਰ ਅਤੇ ਉਸ ਦੇ ਦੋ ਸਾਥੀਆਂ ਨਵੀਨ ਅਤੇ ਅਸ਼ਵਨੀ ਨੂੰ ਵਿਜੀਲੈਂਸ ਟੀਮ ਨੇ ਡਾਕਟਰਾਂ ਦੀਆਂ ਭਰਤੀਆਂ ਦੇ ਫਰਜ਼ੀਵਾੜੇ ਮਾਮਲੇ ਸਬੰਧੀ ਅੱਜ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਤਿੰਨਾਂ ਮੁਲਜ਼ਮਾਂ ਨੂੰ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਸਾਬਕਾ ਅਧਿਕਾਰੀ ਅਨਿਲ ਨਾਗਰ ਨੂੰ ਰੋਹਤਕ ਲਿਜਾਣ ਲਈ ਦਸਤਾਵੇਜ਼ ਪੇਸ਼ ਨਾ ਕੀਤੇ ਜਾਣ ਕਾਰਨ ਜੱਜ ਨੇ ਸਟੇਟ ਵਿਜੀਲੈਂਸ ਦੀ ਐੱਸਆਈਟੀ ਦੀ ਝਾੜ-ਝੰਬ ਕੀਤੀ ਹੈ। ਬਚਾਅ ਪੱਖ ਦੇ ਵਕੀਲ ਨੇ ਵੀ ਕੋਰਟ ਵਿੱਚ ਰਿਮਾਂਡ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਟੀਮ ਅਨਿਲ ਨਾਗਰ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਰਿਮਾਂਡ ਦੌਰਾਨ ਬੀਤੇ ਦਿਨ ਹਰਿਆਣਾ ਲੋਕ ਸੇਵਾ ਆਯੋਗ ਦੇ ਪੰਚਕੂਲਾ ਸਥਿਤ ਦਫ਼ਤਰ ਵਿੱਚ ਲੈ ਕੇ ਆਈ ਸੀ। ਇਸ ਦੌਰਾਨ ਦਫ਼ਤਰ ਵਿੱਚ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ ਗਈ ਸੀ। ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਘਪਲੇ ਸਾਹਮਣੇ ਆ ਰਹੇ ਹਨ, ਉਸ ਅਨੁਸਾਰ ਹਰਿਆਣਾ ਲੋਕ ਸੇਵਾ ਆਯੋਗ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਇਸ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਖੱਟਰ ਦੇ ਕਾਰਜਕਾਲ ਦੌਰਾਨ ਇੰਨੀਆਂ ਭਰਤੀਆਂ ਨਹੀਂ ਹੋਈਆਂ, ਜਿੰਨੇ ਘਪਲੇ ਹੋ ਗਏ ਹਨ। ਉਨ੍ਹਾਂ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਅਤੇ ਐੱਚਐੱਸਐੱਸਸੀ ਨੂੰ ਭੰਗ ਕਰ ਕੇ ਨਵਾਂ ਕਮਿਸ਼ਨ ਬਣਾਉਣ ਅਤੇ ਦੁਬਾਰਾ ਭਰਤੀ ਪ੍ਰੀਖਿਆਵਾਂ ਕਰਵਾਉਣ ਦੀ ਮੰਗ ਕੀਤੀ। -ਪੀਪੀ ਵਰਮਾ