ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਸੈਂਟਰ ਫਾਰ ਪੰਜਾਬੀ ਕਲਚਰ ਅਤੇ ਹਰਅਨੰਦ ਪਬਲਿਸ਼ਰਜ਼ ਵਲੋਂ ਸਾਹਿਤ ਅਕੈਡਮੀ ਦੇ ਸੈਮੀਨਾਰ ਹਾਲ ’ਚ ਡਾ. ਵਨੀਤਾ ਦੀਆਂ ਕਵਿਤਾਵਾਂ ਦਾ ਅੰਗਰੇਜੀ ਅਨੁਵਾਦ ‘ਡੀਜ਼ਾਇਰ ਆਫ ਲੈਂਗੁਏਜ’ ਪੁਸਤਕ ਰਿਲੀਜ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਹਰਅਨੰਦ ਪਬਲੀਕੇਸ਼ਨਜ਼ ਵੱਲੋਂ ਪੰਜਾਬੀ ਦੀਆਂ ਚਰਚਿਤ ਪੁਸਤਕਾਂ ਦਾ ਅਨੁਵਾਦ ਕਰਵਾ ਕੇ ਅੰਗਰੇਜ਼ੀ ਪਾਠਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਨਛੱਤਰ ਦਾ ਨਾਵਲ ‘ਕੈਂਸਰ ਟਰੇਨ’, ਹਰਪ੍ਰੀਤ ਸੇਖਾਂ ਦਾ ‘ਟੈਕਸੀਨਾਮਾ’, ਮਨਮੋਹਨ ਦਾ ‘ਨਿਰਵਾਣ’ ਅਤੇ ਕਈ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਡਾ. ਰਵੇਲ ਸਿੰਘ ਇਸ ਅਨੁਵਾਦ ਲੜੀ ਦੇ ਵਿਸ਼ੇਸ਼ ਸੰਪਾਦਕ ਹਨ। ਪੁਸਤਕ ਲੋਕ ਅਰਪਣ ਮੌਕੇ ਡਾ. ਰਵੇਲ ਸਿੰਘ ਅਤੇ ਵਿਵੇਕਾਨੰਦ ਕਾਲਜ ਦੀ ਪ੍ਰਿੰਸੀਪਲ ਹਿਨਾ ਨੰਦਰਾਯੋਗ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਾਹਿਤ ਅਕਾਦਮੀ ਦੇ ਸਕੱਤਰ ਡਾ. ਕੇ. ਸ੍ਰੀਨਿਵਾਸ ਰਾਓ ਨੇ ਕਿਹਾ ਕਿ ਪੰਜਾਬੀ ਦਾ ਸਾਹਿਤ ਬਹੁਤ ਅਮੀਰ ਹੈ, ਪਰ ਭਾਸ਼ਾ ਬੈਰੀਅਰ ਅਤੇ ਇਨ੍ਹਾਂ ਦਾ ਅਨੁਵਾਦ ਨਾ ਹੋਣ ਕਾਰਨ ਦੂਸਰੀਆਂ ਭਾਸ਼ਾਵਾਂ ’ਚ ਪਹੁੰਚ ਨਹੀਂਂ ਸਕਦਾ। ਪੰਜਾਬ ਅਤੇ ਪੰਜਾਬੀ ਦੀਆਂ ਅਦਬੀ ਸੰਸਥਾਵਾਂ ਨੂੰ ਪੰਜਾਬੀ ਦੀਆਂ ਕਲਾਸਿਕ ਪੁਸਤਕਾਂ ਦਾ ਅਨੁਵਾਦ ਕਰਵਾਉਣਾ ਚਾਹੀਦਾ ਹੈ। ਉਪਰੰਤ ਹਰਅਨੰਦ ਪਬਲੀਕੇਸ਼ਨਜ਼ ਦੇ ਮਾਲਕ ਨਰਿੰਦਰ ਕੁਮਾਰ ਨੇ ਕਿਹਾ ਕਿ ਸਾਡਾ ਵਿਸ਼ੇਸ਼ ਧਿਆਨ ਪੰਜਾਬੀ ਸਾਹਿਤ ਨੂੰ ਅੰਗਰੇਜ਼ੀ ਸਰੋਤਿਆਂ ਦੇ ਰੂੁਬਰੂ ਕਰਵਾਉਣਾ ਹੈ। ਡਾ. ਵਨੀਤਾ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਚਰਚਿਤ ਕਵਿਤਾਵਾਂ ਸਰੋਤਿਆਂ ਨੂੰ ਸੁਣਾਈਆਂ। ਇਨ੍ਹਾਂ ਕਵਿਤਾਵਾਂ ਦਾ ਅਨੁਵਾਦ ਡਾ. ਰਜਿੰਦਰ ਸਿੰਘ ਨੇ ਕੀਤਾ। ਸਮਾਗਮ ਵਿਚ ਕਹਾਣੀਕਾਰ ਨਛੱਤਰ, ਡਾ. ਸੁਮੇਲ ਸਿੰਘ ਸਿੱਧੂ, ਬਲਬੀਰ ਮਾਧੋਪੁਰੀ, ਬਲਵਿੰਦਰ ਸਿੰਘ ਬਰਾੜ, ਨਾਟਕਕਾਰ ਕੁਲਜੀਤ ਸਿੰਘ ਅਤੇ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਵੀ ਸ਼ਮੂਲੀਅਤ ਕੀਤੀ।