ਪੱਤਰ ਪ੍ਰੇਰਕ
ਕੁਰੂਕਸ਼ੇਤਰ, 17 ਅਕਤੂਬਰ
ਗੁਰਦੁਆਰਾ ਨੀਲਧਾਰੀ ਸੰਪਰਦਾ ਪਿੱਪਲੀ ਸਾਹਿਬ ਦੇ ਮੁਖੀ ਸੰਤ ਸਤਨਾਮ ਸਿੰਘ (ਰਾਜਾ ਜੋਗੀ) ਨੇ ਕਿਹਾ ਕਿ ਜੋ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ਨੂੰ ਕਈ ਪ੍ਰਕਾਰ ਦੇ ਦੁੱਖ ਸਤਾਉਣ ਲੱਗ ਜਾਂਦੇ ਹਨ। ਇਸ ਲਈ, ਪ੍ਰਮਾਤਮਾ ਦੀ ਖੁਸ਼ੀ ਲੈਣ ਲਈ ਹਰ ਪਲ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹ ਅੱਜ ਗੁਰਦੁਆਰਾ ਨੀਲਧਾਰੀ ਵਿਖੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਤੇ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸੰਗਰਾਂਦ ਮੌਕੇ ਕਰਵਾਏ ਧਾਰਮਿਕ ਸਮਾਗਮ ਵਿੱਚ ਸੰਗਤ ਨੂੰ ਨਿਹਾਲ ਕਰ ਰਹੇ ਸਨ। ਬਾਬਾ ਸਤਨਾਮ ਸਿੰਘ ਨੇ ਸੰਗਤਾਂ ਨੂੰ ਸੇਧ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀਆਂ ਕਈ ਉਦਾਹਰਨਾਂ ਵੀ ਦਿੱਤੀਆਂ। ਇਸ ਮੌਕੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ, ਪ੍ਰੇਮ ਨਵਾਜ਼, ਪ੍ਰੇਮ ਹੰਸ, ਬੀਬਾ ਅਰਵਿੰਦ ਪਾਲ ਕੌਰ, ਭਾਈ ਕਰਮ ਸਿੰਘ ਬਜਾਜ, ਬੀਬਾ ਅਰਪਨਾ ਕੌਰ, ਰਾਗੀ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ, ਰਾਗੀ ਭਾਈ ਬਲਪ੍ਰੀਤ ਸਿੰਘ ਲੁਧਿਆਣਾ ਵਾਲੇ, ਰਾਗੀ ਭਾਈ ਜਸਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਵਾਲੇ, ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਰਜਨ ਸਿੰਘ ਪਰਵਾਨਾ ਅਤੇ ਰਾਗੀ ਜਥਾ ਭਾਈ ਸੂਬਾ ਸਿੰਘ ਪਿਹੋਵਾ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਿਆ। ਜਥੇਦਾਰ ਭਾਈ ਹਰਦਿਆਲ ਸਿੰਘ ਨੇ ਸਰਬੱਤ ਦੇ ਭਲੇ ਲਈ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਜੀਤ ਸਿੰਘ ਨੇ ਗੁਰਬਾਣੀ ਸ਼ਬਦ ਦੀ ਵਿਆਖਿਆ ਸੁਣਾਈ। ਇਸ ਮੌਕੇ ਰਾਣੀ ਮਾਂ, ਗੁਰਤਾਜ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਜਸਵੰਤ ਸਿੰਘ, ਜਨਰਲ ਸਕੱਤਰ ਭਾਈ ਸ਼ਮਸ਼ੇਰ ਸਿੰਘ, ਬਚਿੱਤਰ ਸਿੰਘ, ਜਸਬੀਰ ਸਿੰਘ, ਪ੍ਰਧਾਨ ਸਿੰਘ ਅਤੇ ਸੰਗਤ ਹਾਜ਼ਰ ਸੀ। ਇਸ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਸੀ।