ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 17 ਜੁਲਾਈ
ਇੱਥੇ ਹੁੱਡਾ ਤੇ ਨਾਲ ਲੱਗਦੇ ਖੇਤਰ ਵਿੱਚ ਇਕ ਹਫ਼ਤੇ ਤੋਂ ਭਰੇ ਪਾਣੀ ਦੀ ਨਿਕਾਸੀ ਲਈ ਅੱਜ ਨਾਲਾ ਬਣਨ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਹੜ੍ਹ ਕਾਰਨ ਉਕਤ ਖੇਤਰਾਂ ਵਿੱਚ ਕਾਫ਼ੀ ਪਾਣੀ ਭਰ ਗਿਆ ਸੀ ਤੇ ਇਕ ਹਫ਼ਤੇ ਤੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੁੱਡਾ ਬਲਾਕ-2 ਦੇ ਵਸਨੀਕਾਂ ਨੇ ਇਸ ਦੀ ਸ਼ਿਕਾਇਤ ਕੈਬਨਿਟ ਮੰਤਰੀ ਸੰਦੀਪ ਸਿੰਘ ਨੂੰ ਕੀਤੀ। ਉਨ੍ਹਾਂ ਕੈਬਨਿਟ ਮੰਤਰੀ ਤੋਂ ਪਾਵਰ ਹਾਊਸ ਦੇ ਅੱਗੇ ਜੀਟੀ ਰੋਡ ਦੇ ਨਾਲ ਨਾਲ ਨਾਜਾਇਜ਼ ਕਬਜ਼ੇ ਹਟਾ ਕੇ ਪਾਣੀ ਦਾ ਰਾਹ ਬਣਾਉਣ ਦੀ ਮੰਗ ਕੀਤੀ। ਲੋਕਾਂ ਦੀ ਸ਼ਿਕਾਇਤ ’ਤੇ ਤੁਰੰਤ ਐਕਸ਼ਨ ਲੈਂਦਿਆਂ ਸੰਦੀਪ ਸਿੰਘ ਨੇ ਹੁੱਡਾ ਪ੍ਰਧਾਨ ਸੰਜੇ ਬੱਤਰਾ, ਮੀਤ ਪ੍ਰਧਾਨ ਜਗਮੋਹਨ ਮਨਚੰਦਾ ਤੇ ਸਬੰਧਤ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ। ਇਸ ਦੌਰਾਨ ਨਗਰ ਕੌਂਸਲ ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ੇ ਹਟਾ ਕੇ ਪਾਣੀ ਦਾ ਰਾਹ ਖੋਲ੍ਹਣ ਦੇ ਦਿਸ਼ਾ ਨਿਰਦੇਸ਼ ਦਿੱਤੇ। ਨਗਰ ਕੌਂਸਲ ਨੇ ਪੁਲੀਸ ਦੀ ਤਾਇਨਾਤੀ ਦੌਰਾਨ ਜੇਸੀਬੀ ਨਾਲ ਨਾਲਾ ਬਣਾ ਕੇ ਪਾਣੀ ਦਾ ਰਾਹ ਖੋਲ੍ਹਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਖੇਤਰ ਵਿੱਚ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਖੜ੍ਹਨ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਸੀ। ਇਸ ਦੌਰਾਨ ਹੁੱਡਾ ਤੇ ਹੋਰ ਕਲੋਨੀਆਂ ਦੇ ਵਸਨੀਕਾਂ ਨੇ ਕੈਬਨਿਟ ਮੰਤਰੀ ਸੰਦੀਪ ਸਿੰਘ ਦਾ ਧੰਨਵਾਨ ਕੀਤਾ।