ਪੱਤਰ ਪ੍ਰੇਰਕ
ਕਰਨਾਲ/ਪਾਣੀਪਤ, 27 ਜੂਨ
ਹਰਿਆਣਾ ਦੇ ਸਮਾਜਿਕ, ਨਿਆਂ ਅਤੇ ਅਧਿਕਾਰਿਤਾ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਕਿਹਾ ਸੂਬੇ ਵਿੱਚ ਗ਼ੈਰਕਾਨੂੰਨੀ ਰੂਪ ਨਾਲ ਚਲ ਰਹੇ ਨਸ਼ਾ ਮੁਕਤੀ ਕੇਂਦਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਅਜਿਹੇ ਕੇਂਦਰਾਂ ਦੇ ਚੰਗੁਲ ਵਿੱਚ ਫਸਣ ਤੋਂ ਬਚਾਇਆ ਜਾ ਸਕੇ। ਇਸ ਕੜੀ ਵਿਚ ਪਾਣੀਪਤ ਜ਼ਿਲ੍ਹੇ ਵਿੱਚ ਛਾਪੇਮਾਰੀ ਕਰਦਿਆਂ ਇਕ ਕੇਂਦਰ ’ਚੋਂ 37 ਲੋਕਾਂ ਨੂੰ ਛੁਡਾਇਆ ਗਿਆ। ਸ੍ਰੀ ਯਾਦਵ ਨੇ ਦੱਸਿਆ ਕਿ ਪਾਣੀਪਤ ਜ਼ਿਲ੍ਹੇ ਦੇ ਪਿੰਡ ਬਿੰਝੋਲ ’ਚ ਇਕ ਨਸ਼ਾ ਮੁਕਤੀ ਕੇਂਦਰ ਗ਼ੈਰਕਾਨੂੰਨੀ ਤੌਰ ’ਤੇ ਚਲਾਇਆ ਜਾ ਰਿਹਾ ਸੀ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਸਥਾਨਕ ਏਡੀਸੀ ਦੀ ਅਗਵਾਈ ਹੇਠ ਬਣਾਈ ਟੀਮ ਨੇ ਛਾਪੇਮਾਰੀ ਕੀਤੀ ਤੇ ਉੱਥੇ ਮਿਲੇ 37 ਨਸ਼ੇ ਤੋਂ ਪੀੜਤ ਲੋਕਾਂ ਨੂੰ ਛੁਡਾਇਆ ਗਿਆ, ਜਿਨ੍ਹਾਂ ਨੂੰ ਪਾਣੀਪਤ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਛਾਪੇਮਾਰੀ ਦੌਰਾਨ ਕੇਂਦਰ ਸੰਚਾਲਕ ਹਰਿਆਣਾ ਸਰਕਾਰ ਤੋਂ ਨਸ਼ਾ ਮੁਕਤੀ ਕੇਂਦਰ ਚਲਾਉਣ ਦਾ ਕੋਈ ਪ੍ਰਮਾਣ ਪੱਤਰ ਨਹੀਂ ਦਿਖਾ ਸਕੇ।ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰ ਦੇ ਪ੍ਰਬੰਧਕਾਂ ਖ਼ਿਲਾਫ਼ ਪਾਣੀਪਤ ਮਾਡਲ ਟਾਊਨ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਗਿਆ ਹੈ।