ਗੁਰੂਗ੍ਰਾਮ (ਹਰਿਆਣਾ), 11 ਫਰਵਰੀ
ਗੁਰੂਗ੍ਰਾਮ ਵਿੱਚ ਰਿਹਾਇਸ਼ੀ ਇਮਾਰਤ ਡਿੱਗਣ ਤੋਂ ਬਾਅਦ ਉਸ ਦੇ ਬਿਲਡਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ ਅਤੇ ਦੋ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਫਸੇ ਲੋਕਾਂ ਨੂੰ ਕੱਢਣ ਲਈ ਕਾਰਵਾਈ ਜਾਰੀ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਹਾਦਸੇ ‘ਚ ਜਾਨ ਗੁਆਉਣ ਵਾਲੀ ਔਰਤ ਦੇ ਪਤੀ ਦੀ ਸ਼ਿਕਾਇਤ ‘ਤੇ ਚਿੰਟੇਲਜ਼ ਪੈਰਾਡੀਸੋ ਦੇ ਬਿਲਡਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਜਾਂਚ ਦੇ ਹੁਕਮ ਦਿੱਤੇ ਹਨ। ਯਾਦਵ ਨੇ ਕਿਹਾ ਕਿ ਇਕ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ ਅਤੇ ਇਹ ਲਾਪ੍ਰਵਾਹੀ ਦੇ ਦੋਸ਼ਾਂ ਦੀ ਜਾਂਚ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸੈਕਟਰ-109 ਸਥਿਤ ਚਿੰਟੇਲਜ਼ ਪੈਰਾਡੀਸੋ ਰਿਹਾਇਸ਼ੀ ਕੰਪਲੈਕਸ ਦੀ ਛੇਵੀਂ ਮੰਜ਼ਿਲ ‘ਤੇ ਸਥਿਤ ਅਪਾਰਟਮੈਂਟ ਦਾ ਪਹਿਲਾਂ ਇਕ ਕਮਰਾ ਢਹਿ ਗਿਆ, ਜਿਸ ਤੋਂ ਬਾਅਦ ਪਹਿਲੀ ਮੰਜ਼ਿਲ ਤੱਕ ਦਾ ਹਿੱਸਾ ਢਹਿ ਗਿਆ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਦੀਆਂ ਟੀਮਾਂ ਬਚਾਅ ਜੁਟੀਆਂ ਹੋਈਆਂ ਹਨ।