ਪੱਤਰ ਪ੍ਰੇਰਕ
ਯਮੁਨਾਨਗਰ, 23 ਦਸੰਬਰ
ਲਗਪਗ ਇੱਕ ਮਹੀਨੇ ਤੋਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਮੀਦਾ ਕਾਲੋਨੀ ਦੇ ਵਾਸੀਆਂ ਨੇ ਅੱਜ ਹਮੀਦਾ ਚੌਂਕੀ ਦਾ ਸਾਹਮਣੇ ਜਾਮ ਲਗਾ ਦਿੱਤਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਐੱਮਸੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਾਲੋਨੀ ਵਾਸੀਆਂ ਦਾ ਕਹਿਣਾ ਸੀ ਕਿ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ ਐਨੀ ਹੀ ਨਹੀਂ ਇਸ ਕਾਲੋਨੀ ਵਿੱਚ ਦੋ ਵਾਰਡ ਹਨ ਦੋਵੇਂ ਐਮਸੀ ਇੱਕ ਦੂਜੇ ਤੇ ਜਿੰਮੇਵਾਰੀ ਛੱਡ ਕੇ ਪੱਲਾ ਝਾੜ ਲੈਂਦੇ ਹਨ । ਕਾਲੋਨੀ ਵਾਸੀ ਅਬਦੁੱਲ ਅਤੇ ਮੁਕੇਸ਼ ਨੇ ਕਿਹਾ ਕਿ ਕਾਲੋਨੀ ਵਿੱਚ 500 ਘਰ ਹਨ ਜਿਨ੍ਹਾਂ ਨੂੰ ਯਮੁਨਾ ਨਦੀ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਪ੍ਰਦਰਸ਼ਨ ਦੀ ਸੂਚਨਾ ਮਿਲਣ ਮਗਰੋਂ ਐੱਮਸੀ ਨਿਰਮਲਾ ਚੌਹਾਨ ਮੌਕੇ ’ਤੇ ਪਹੁੰਚੀ ਤਾਂ ਲੋਕਾਂ ਨੇ ਉਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਐਮਸੀ ਚੌਹਾਨ ਨੇ ਕਿਹਾ ਕਿ ਟਿਊਬਵੈੱਲ ਪਿਛਲੇ 15 ਦਿਨ ਤੋਂ ਖ਼ਰਾਬ ਹੈ ਜਿਸ ਦੀ ਸੂਚਨਾ ਪਬਲਿਕ ਹੈਲਥ ਵਿਭਾਗ ਨੂੰ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਮੁੜ ਤੋਂ ਬੋਰ ਡੂੰਘਾ ਕਰਨ ਦੀ ਜ਼ਰੂਰਤ ਹੈ, ਜਿਸ ਨੂੰ ਸਮਾਂ ਲੱਗੇਗਾ। ਖੇਤਰ ਵਿੱਚ ਦੋ ਹੋਰ ਟਿਊਬਵੈੱਲ ਹਨ, ਜਿਨ੍ਹਾਂ ਨੂੰ ਆਪਸ ਵਿੱਚ ਜੋੜ ਕੇ ਕੰਮ ਚਲਇਆ ਜਾਵੇਗਾ।