ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਇੱਥੋਂ ਦੀ ਬਾਈਪਾਸ ਰੋਡ ਦੇ ਨਾਲ ਲੱਗਦੀ ਖੁਸ਼ੀ ਰਾਮ ਕਲੋਨੀ ਦੀ ਗਲੀ ਕੰਨਿਆ ਸਮਾਰਕ ਮੰਦਰ ਵਾਲੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ‘ਆਪ’ ਵਰਕਰਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਕੋਈ ਹੱਲ ਨਾ ਹੋਇਆ ਤਾਂ ਉਹ ਸੜਕਾਂ ’ਤੇ ਉੱਤਰਨ ਲਈ ਮਜ਼ਬੂਰ ਹੋ ਜਾਣਗੇ। ਗਲੀ ਵਾਸੀ ਰਣਜੀਤ ਸਿੰਘ ਖੁਰਮੀ ਨੇ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਨਗਰਪਾਲਿਕਾ ਦੇ ਅਧਿਕਾਰੀਆਂ ਨੂੰ ਮਿਲ ਕੇ ਜਾਣੂ ਕਰਵਾਇਆ ਗਿਆ ਹੈ ਪਰ ਹਰ ਵਾਰ ਜੁਆਬ ਮਿਲਦਾ ਹੈ ਉਹ ਇਸ ਵਿੱਚ ਕੁੱਝ ਨਹੀਂ ਕਰ ਸਕਦੇ ਕਿਉਂਕਿ ਖੁਸ਼ੀ ਰਾਮ ਕਲੋਨੀ ਦੀ ਇਹ ਗਲੀ ਗ਼ੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਇਹ ਇਕੱਲੀ ਗਲੀ ਗ਼ੈਰਕਾਨੂੰਨੀ ਕਿਉਂ ਹੈ, ਜਦੋਂ ਕਿ ਇਸ ਕਲੋਨੀ ਦੀਆਂ ਬਾਕੀ ਸਾਰੀਆਂ ਗਲੀਆਂ ਪੱਕੀਆਂ ਬਣੀਆਂ ਹੋਈਆਂ ਹਨ ਅਤੇ ਸੀਵਰੇਜ ਵੀ ਪਾਇਆ ਹੋਇਆ ਹੈ। ਇਸ ਗਲੀ ਦਾ ਨਗਰ ਪਾਲਿਕਾ ਦੇ ਅਧਿਕਾਰੀਆਂ ਵੱਲੋਂ ਮਕਾਨ ਬਣਾਉਂਦੇ ਸਮੇਂ ਨਕਸ਼ਾ ਵੀ ਪਾਸ ਕੀਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਸੰਗਠਨ ਸਕੱਤਰ ਦਵਿੰਦਰ ਕੌਰ ਮਾਂਗਟ, ਨਵਜੋਤ ਸਿੰਘ, ਜਗਦੇਵ ਸਿੰਘ ਸਿੱਧੂ, ਮਲਕੀਤ ਸਿੰਘ, ਹਲਕਾ ਕਾਲਾਂਵਾਲੀ ਦੇ ਪ੍ਰਧਾਨ ਦਰਸ਼ਨ ਸਿੰਘ, ਰਣਜੀਤ ਸਿੰਘ ਖੁਰਮੀ, ਸਕੱਤਰ ਸਤਨਾਮ ਸਿੰਘ, ਅਜੈਬ ਸਿੰਘ ਮਲੜੀ, ਸਤਨਾਮ ਸਿੰਘ ਫੱਗੂ, ਜਸਦੇਵ ਸਿੰਘ ਹਾਜ਼ਰ ਸਨ।