ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਦਸੰਬਰ
ਇੱਥੋਂ ਦੇ ਮਾਜਰੀ ਮੁਹੱਲਾ ਵਿੱਚ ਪੰਨਾ ਲਾਲ ਧਰਮਸ਼ਾਲਾ ਦੇ ਨੇੜੇ ਰਹਿ ਰਹੇ ਲੋਕਾਂ ਨੂੰ ਪਿਛਲੇ ਇੱਕ ਹਫ਼ਤੇ ਤੋਂ ਪੀਣ ਵਾਲੇ ਪਾਣੀ ਦੀ ਭਾਰੀ ਕਿੱੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂ ਕਿ ਪਾਣੀ ਦੇ ਟੈਂਕਰ ਆ ਰਹੇ ਹਨ ਪਰ ਘਰਾਂ ਦੀਆਂ ਟੈਕੀਂਆਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ। ਪਾਣੀ ਦੀ ਘਾਟ ਕਰ ਕੇ ਘਰਾਂ ’ਚ ਪਖ਼ਾਨਿਆਂ ਦੀ ਸਫ਼ਾਈ ਦਾ ਬੁਰਾ ਹਾਲ ਹੈ। ਲੋਕਾਂ ਦਾ ਕਹਿਣਾ ਹੈ ਕਿ ਸਬੰਧਿਤ ਵਿਭਾਗ ਨੂੰ ਇਸ ਬਾਰੇ ਕਈ ਵਾਰ ਜਾਣੂ ਕਰਾਇਆ ਜਾ ਚੁੱਕਾ ਹੈ ਪਰ ਪ੍ਰਸ਼ਾਸਨ ਅੱਖਾਂ ਮੀਟ ਚੁਪ ਵੱਟੀ ਬੈਠਾ ਹੈ ਉਸ ਨੂੰ ਲੋਕਾਂ ਦੀ ਇਸ ਗੰਭੀਰ ਸਮੱਸਿਆ ਦੀ ਕੋਈ ਚਿੰਤਾਂ ਨਹੀਂ ਹੈ, ਜਿਸ ਲਈ ਮੁਹੱਲਾ ਵਾਸੀਆਂ ਵਿੱਚ ਰੋਸ ਹੈ। ਦੂਜੇ ਪਾਸੇ ਇਥੋਂ ਲਾਗਲੇ ਪਿੰਡ ਜੰਦੇੜੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਰ ਕੇ ਗਲੀਆਂ ਦਾ ਗੰਦਾ ਪਾਣੀ ਗਲੀਆਂ ਵਿੱਚ ਹੀ ਘੁੰਮਦਾ ਰਹਿੰਦਾ ਹੈ। ਬਰਸਾਤੀ ਦਿਨਾਂ ਵਿੱਚ ਤਾਂ ਇਹ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਨਾਲ ਪਿੰਡ ਦੇ 50,60 ਘਰ ਬੁਰੀ ਤਰਾਂ ਪ੍ਰਭਾਵਿਤ ਹਨ। ਉਨ੍ਹਾਂ ਨੇ ਕਈ ਵਾਰ ਸੀਐੱਮ ਵਿੰਡੋ ’ਤੇ ਵੀ ਸ਼ਿਕਾਇਤ ਪਾਈ ਹੈ ਪਰ ਹੱਲ ਨਹੀਂ ਨਿਕਲਿਆ। ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਗਲੀ ਪੱਕੀ ਬਣੀ ਹੋਈ ਹੈ ਪਰ ਨਿਕਾਸੀ ਨਾ ਹੋਣ ਕਰ ਕੇ ਪਾਣੀ ਗਲੀ ਵਿੱਚ ਹੀ ਖੜਾ ਰਹਿੰਦਾ ਹੈ। ਰਾਹਗੀਰਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਇਸ ਗੰਦੇ ਪਾਣੀ ਕਾਰਨ ਫੈਲ ਰਹੀ ਬਦਬੂ ਕਈ ਬੀਮਾਰੀਆਂ ਫੈਲਣ ਦਾ ਖਦਸ਼ਾ ਹੈ। ਗਲੀ ਦੇ ਨਾਲ ਕੁਝ ਖੇਤ ਲੱਗਦੇ ਹਨ ਜੋ ਸਾਰਾ ਦਿਨ ਪਾਣੀ ਨਾਲ ਭਰੇ ਰਹਿੰਦੇ ਹਨ, ਜਿਸ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਸਮੱਸਿਆ ਬਾਰੇ ਹਲਕਾ ਵਿਧਾਇਕ ਤੇ ਬਲਾਕ ਵਿਕਾਸ ਦਫਤਰ ਨੂੰ ਜਾਣੂ ਕਰਾ ਦਿੱਤਾ ਗਿਆ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਸਥਾਈ ਹਲ ਦੀ ਮੰਗ ਕੀਤੀ ਹੈ।