ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਅਕਤੂਬਰ
ਸਤਲੁਜ ਸੀਨੀਅਰ ਸੰਕੈਡਰੀ ਸਕੂਲ ਵਿੱਚ ਅੱਜ ਭਾਰਤ ਵਿਕਾਸ ਪਰਿਸ਼ਦ ਦੀ ਸਥਾਨਕ ਇਕਾਈ ਵੱਲੋਂ ਗੁਰੂ ਵੰਦਨਾ ਤੇ ‘ਵਿਦਿਆਰਥੀ ਸੁਆਗਤਮ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਸਕੂਲ ਦੇ ਅਧਿਆਪਕਾਂ ਰਾਜਬੀਰ ਸਿੰਘ, ਮਹਿੰਦਰ ਕੁਮਾਰ, ਅਰਸ਼ਦੀਪ ਕੌਰ, ਰੇਨੂੰ ਬਾਲਾ ਅਤੇ ਸਰਬਜੀਤ ਕੌਰ ਨੂੰ ਉਨ੍ਹਾਂ ਦੀਆਂ ਵਿਦਿਅਕ ਖੇਤਰ ਵਿਚ ਸ਼ਲਾਘਾਯੋਗ ਸੇਵਾਂਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 12ਵੀਂ ਤੇ 10ਵੀਂ ਦੇ ਵਿਦਿਆਰਥੀਆਂ ਅਨੁਰੀਤ ਕੌਰ, ਕਲਪਨਾ ਸ਼ਰਮਾ, ਸਮਰਪ੍ਰੀਤ ਕੌਰ, ਸ਼ਿਵਾਂਸ਼ ਤੇ ਗੁਰਵੰਸ਼ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਤੇ ਸਟਾਫ ਨੇ ਪਰਿਸ਼ਦ ਮੈਂਬਰਾਂ ਦਾ ਸਵਾਗਤ ਕੀਤਾ। ਪਰਿਸ਼ਦ ਪ੍ਰਧਾਨ ਰਵਨੀਸ਼ ਕਟਾਰੀਆ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਦਾ ਆਪਣੇ ਅਧਿਆਪਕਾਂ ਦੇ ਦਿਖਾਏ ਰਾਹ ’ਤੇ ਚੱਲਣਾ ਚਾਹੀਦਾ ਹੈ।