ਪੱਤਰ ਪ੍ਰੇਰਕ
ਸਿਰਸਾ, 14 ਅਗਸਤ
ਇਥੋਂ ਦੇ ਹਿਸਾਰ ਰੋਡ ਸਥਿਤ ਇਕ ਨਿੱਜੀ ਹਸਪਤਾਲ ਦੇ ਸੰਚਾਲਕ ਖ਼ਿਲਾਫ਼ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਹੋਰ ਲੋਕਾਂ ਨੇ ਮਰੀਜ਼ ਦੇ ਇਲਾਜ ਵਿੱਚ ਕਥਿਤ ਤੌਰ ’ਤੇ ਡਾਕਟਰ ’ਤੇ ਕੁਤਾਹੀ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਰੋਡ ਜਾਮ ਕਰਕੇ ਹਸਪਤਾਲ ਦੇ ਸੰਚਾਲਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮਰੀਜ਼ ਦੇ ਇਲਾਜ ਵਿੱਚ ਹੋਇਆ ਖਰਚਾ ਡਾਕਟਰ ਤੋਂ ਵਾਪਿਸ ਮੰਗਿਆ। ਲੋਕਾਂ ਨੂੰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਮਝਾਇਆ, ਜਿਸ ਮਗਰੋਂ ਉਨ੍ਹਾਂ ਨੇ ਜਾਮ ਖੋਲ੍ਹ ਦਿੱਤਾ।
ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਕਬਾਲ ਸਿੰਘ ਨੂੰ ਪੇਟ ਵਿੱਚ ਦਰਦ ਹੋਣ ’ਤੇ ਇਥੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਪਿਤੇ ’ਚ ਪੱਥਰੀ ਦੱਸਦਿਆਂ ਅਪਰੇਸ਼ਨ ਕਰ ਦਿੱਤਾ, ਜਿਸ ਮਗਰੋਂ ਉਸਦੀ ਹਾਲਤ ਵਿਗੜ ਗਈ। ਕਈ ਦਿਨ ਇਲਾਜ ਕਰਨ ਮਗਰੋਂ ਡਾਕਟਰਾਂ ਨੇ ਉਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ। ਉਨ੍ਹਾਂ ਨੇ ਡਾਕਟਰਾਂ ’ਤੇ ਦੋਸ਼ ਲਾਇਆ ਕਿ ਇਲਾਜ ’ਚ ਕੁਤਾਹੀ ਕੀਤੀ ਗਈ ਹੈ। ਇਸ ਸਬੰਧੀ ਨਿੱਜੀ ਹਸਪਤਾਲ ਦੇ ਸੰਚਾਲਕ ਡਾ. ਰਾਮ ਮੇਹਰ ਨੇ ਮਰੀਜ਼ ਦੇ ਇਲਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਕੀਤੇ ਜਾਣ ਦੀ ਗੱਲ ਨੂੰ ਸਿਰੇ ਤੋਂ ਖਾਰਜ ਕੀਤਾ ਹੈ।