ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 15 ਫਰਵਰੀ
ਸ਼ਾਦੀਪੁਰ ਨਿਵਾਸੀ ਵਿਰੇਂਦਰ ਦੀ ਲਾਸ਼ ਅੱਜ ਸਵੇਰੇ 3 ਵਜੇ ਹਰਿਆਣਾ ਪੰਜਾਬ ਸੀਮਾ ਦੇ ਨੇੜਿਓਂ ਗੁਜ਼ਰ ਰਹੀ ਭਾਖੜਾ ਬਰਾਂਚ ਦੀ ਖਨੌਰੀ ਨਹਿਰ ਤੋਂ ਮਿਲੀ। ਮ੍ਰਿਤਕ ਦੇ ਭਰਾ ਮਹਿਕਦੀਪ ਨੇ ਦੱਸਿਆ ਕਿ ਹਫਤਾ ਪਹਿਲਾਂ ਉਸ ਦੇ ਭਰਾ ਵਿਰੇਂਦਰ ਸਿੰਘ ਨੇ ਆਪਣੀ ਪਤਨੀ ਅਤੇ ਸਾਲੀ ਅਤੇ ਉਸਦੇ ਮੁੰਡੇ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ । ਨਹਿਰ ਵਿੱਚ ਕੁੱਦਣ ਤੋਂ ਪਹਿਲਾਂ ਉਸ ਨੇ ਵੀਡੀਓ ਵੀ ਬਣਾਈ ਸੀ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਉਹ ਆਪਣੀ ਪਤਨੀ , ਸਾਲੀ ਅਤੇ ਸਾਲੀ ਦੇ ਮੁੰਡੇ ਤੋਂ ਤੰਗ ਹੋ ਕੇ ਆਤਮਹੱਤਿਆ ਕਰ ਰਿਹਾ ਹੈ। ਇਸ ਵੀਡੀਓ ਨੂੰ ਉਸ ਨੇ ਸੋਸ਼ਲ ਮੀਡਿਆ ’ਤੇ ਵੀ ਵਾਇਰਲ ਕੀਤਾ ਸੀ। ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲੀਸ ਨੇ ਵਿਰੇਂਦਰ ਦੇ ਪਿਤਾ ਦੀ ਸ਼ਿਕਾਇਤ ’ਤੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਹਫਤੇ ਬਾਅਦ ਨੌਜਵਾਨ ਦੀ ਲਾਸ਼ ਖਨੌਰੀ ਨਹਿਰ ਤੋਂ ਮਿਲੀ। ਨੋਜਵਾਨ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲੀਸ ਨੇ ਹੁਣ ਤੱਕ ਨਾ ਤਾਂ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਅਤੇ ਨਾ ਕੋਈ ਹੀ ਕਾਰਵਾਈ ਕੀਤੀ ਸੀ। ਮ੍ਰਿਤਕ ਦੇਹ ਮਿਲਣ ਤੋਂ ਬਾਅਦ ਵੀ ਪੁਲੀਸ ਕਾਰਵਾਈ ਕਰਨ ਵਿੱਚ ਆਨਾਕਾਨੀ ਕਰ ਰਹੀ ਸੀ। ਰੋਸ ਵਜੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਅੱਜ ਮਹਿਮੂਦਪੁਰ ਪੈਟਰੋਲ ਪੰਪ ’ਤੇ ਜਾਮ ਲਗਾਇਆ।
ਜਾਮ ਦੀ ਹਾਲਤ ਨੂੰ ਵੇਖਦੇ ਹੋਏ ਗੂਹਲਾ ਥਾਣੇ ਦੇ ਐੱਸਐੱਚਓ ਨੇ ਪਹੁੰਚ ਕੇ ਜਾਮ ਖੁੱਲ੍ਹਵਾਇਆ ਅਤੇ ਮ੍ਰਿਤਕ ਦੀ ਪਤਨੀ, ਉਸ ਦੀ ਸਾਲੀ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਦੀ ਸਾਲੀ ਦਾ ਮੁੰਡਾ ਅਜੇ ਪੁਲੀਸ ਦੀ ਪਹੁੰਚ ਤੋਂ ਬਾਹਰ ਹੈ ਪੁਲੀਸ ਨੇ ਦੱਸਿਆ ਹੈ ਕਿ ਮੁਲਜ਼ਮਾਂ ਖ਼ਿਲਾਫ 306/ 324 ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਜਾਰੀ ਹੈ। ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਛੇਤੀ ਹੀ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਔਰਤਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹ ਦਿੱਤਾ ਸੀ ।