ਪੱਤਰ ਪ੍ਰੇਰਕ
ਨਰਾਇਣਗੜ੍ਹ, 5 ਨਵੰਬਰ
ਨਰਾਇਣਗੜ੍ਹ ਤੋਂ ਦਿੱਲੀ ਲਈ ਹਰਿਆਣਾ ਰੋਡਵੇਜ਼ ਦੀ ਬੱਸ ਸੇਵਾ ਸ਼ੁਰੂ ਹੋਣ ਕਾਰਨ ਯਾਤਰੂਆਂ ਨੂੰ ਰਾਹਤ ਮਿਲੀ ਹੈ। ਲੌਕਡਾਊਨ ਦੌਰਾਨ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਯਾਤਰੂਆਂ ਨੂੰ ਦਿੱਲੀ ਜਾਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਯਾਤਰੂਆਂ ਨੂੰ ਕਿਰਾਏ ਦੀ ਮੋਟੀ ਰਕਮ ਦੇ ਕੇ ਪ੍ਰਾਈਵੇਟ ਟੈਕਸੀ ਸਰਵਿਸ ਲੈ ਕੇ ਦਿੱਲੀ ਜਾਣਾ ਪੈਂਦਾ ਸੀ। ਟਰੈਫਿਕ ਪ੍ਰਬੰਧਕ ਸੰਜੈ ਰਾਵਲ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਤਹਿਤ ਨਰਾਇਣਗੜ੍ਹ ਤੋਂ ਦਿੱਲੀ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਰਾਇਣਗੜ੍ਹ ਤੋਂ ਸਾਰੀਆਂ ਬੱਸਾਂ ਸੈਨੇਟਾਈਜ਼ ਕਰਕੇ ਭੇਜੀਆਂ ਜਾਣਗੀਆਂ ਅਤੇ ਹਰ ਬੱਸ ਨੂੰ ਸੈਨੇਟਾਈਜ਼ ਕਰਨ ਮਗਰੋਂ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਜਿਸ ਬੱਸ ਕੋਲ ਇਹ ਸਰਟੀਫਿਕੇਟ ਹੋਵੇਗਾ, ਉਸੇ ਬੱਸ ਦੀ ਦਿੱਲੀ ਵਿੱਚ ਐਂਟਰੀ ਕਰਵਾਈ ਜਾਵੇਗੀ।