ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 14 ਅਪਰੈਲ
ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਦੀ ਬੈਠਕ ਨਰਾਇਣਗੜ੍ਹ ਵਿੱਚ ਹੋਈ। ਇਸ ਦੌਰਾਨ ਡੀਟੀਓ ਪੰਚਕੂਲਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੰਚਕੂਲਾ ਦੇ ਡੀਟੀਓ ਵੱਲੋਂ ਨਰਾਇਣਗੜ੍ਹ ਤੋਂ ਪੰਚਕੂਲਾ ਰੂਟ ਉੱਤੇ ਪ੍ਰਾਈਵੇਟ ਬੱਸਾਂ ਨੂੰ ਸਮਾਂ ਜ਼ਿਆਦਾ ਦੇਣ ਤੇ ਸਰਕਾਰੀ ਬੱਸਾਂ ਨਾਲ ਭੇਦਭਾਵ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆ ਪ੍ਰਾਈਵੇਟ ਬੱਸਾਂ ਲਈ ਜਾਰੀ ਕੀਤਾ ਨਵਾਂਂ ਟਾਈਮ ਟੇਬਲ ਰੱਦ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਪ੍ਰਾਈਵੇਟ ਬੱਸ ਮਾਲਕਾਂ ਨਾਲ ਡੀਟੀਓ ਪੰਚਕੂਲਾ ਨੇ ਰੂਟ ਦੇਣ ਲਈ ਮਿਲੀਭੁਗਤ ਕੀਤੀ ਹੈ ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਡੀਟੀਓ ਪੰਚਕੂਲਾ ਨੇ ਬਿਨਾਂ ਰੋਡੇਵੇਜ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੇ ਇਹ ਟਾਈਮ ਟੇਬਲ ਜਾਰੀ ਕਰ ਦਿੱਤਾ ਹੈ ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨ ਵਿੱਚ ਅਜਾਇਬ ਸਿੰਘ ਜਟਵਾੜ, ਰਮਨ ਸੈੈਣੀ ਤੇ ਸੰਜੀਵ ਸੈਣੀ ਸਹਿਤ ਹੋਰਾਂ ਨੇ ਹਿੱਸਾ ਲਿਆ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਸਮੇ ਰਹਿੰਦੇ ਪ੍ਰਾਈਵੇਟ ਰੂਟਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਡੀਟੀਓ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਮਹੀ ਪਾਲ ਰਾਣਾ, ਅਮਰ ਨਾਥ, ਸੰਜੀਵ ਸੈਣੀ, ਗੁਰਪ੍ਰੀਤ, ਗੁਰਦੀਪ ਸਿੰਘ, ਸੱਤਿਆ ਪਾਲ, ਪ੍ਰਵੇਸ਼ ਕੁਮਾਰ ਸਣੇ ਹੋਰ ਕਰਮਚਾਰੀ ਹਾਜ਼ਰ ਸਨ।