ਪੀਪੀ ਵਰਮਾ
ਪੰਚਕੂਲਾ, 8 ਸਤੰਬਰ
ਸੋਨੀਪਤ ’ਚ ਰੋਡਵੇਜ਼ ਡਰਾਈਵਰ ਦੀ ਹੱਤਿਆ ਦੇ ਵਿਰੋਧ ’ਚ ਰੋਡਵੇਜ਼ ਕਰਮਚਾਰੀਆਂ ਨੇ ਅੱਜ ਹੜਤਾਲ ਰੱਖੀ ਜਿਸ ਕਾਰਨ ਪੰਚਕੂਲਾ ਬੱਸ ਸਟੈਂਡ ਤੋਂ ਅੱਜ ਸਵੇਰ ਤੋਂ ਸ਼ਾਮ ਤੱਕ ਕੋਈ ਬੱਸ ਨਹੀਂ ਚੱਲੀ। ਇਸ ਕਰਕੇ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦਕਿ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਰਹੀ। ਸਾਂਝਾ ਮੋਰਚਾ ਦੇ ਸੱਦੇ ’ਤੇ ਅੱਜ ਹਰਿਆਣਾ ਦੇ ਸਾਰੇ ਡਿਪੂ ਬੰਦ ਰਹੇ। ਪੁਲੀਸ ਵੱਲੋਂ ਹਾਲੇ ਤੱਕ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਵਿਰੋਧ ਵਿੱਚ ਸਾਂਝਾ ਮੋਰਚਾ ਨੇ ਅੱਜ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਰੋਡਵੇਜ਼ ਮੁਲਾਜ਼ਮਾਂ ਦੀ ਮੰਗ ਹੈ ਕਿ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ, ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਸੋਨੀਪਤ ਡਿਪੂ ਦੀ ਬੱਸ ਜੋ ਸੋਨੀਪਤ ਤੋਂ ਜੈਪੁਰ ਜਾ ਰਹੀ ਸੀ, ਉਸ ਬੱਸ ਵਿੱਚ ਸਫ਼ਰ ਕਰ ਰਹੇ ਦਿੱਲੀ ਡਿਪੂ ਵਿੱਚ ਕੰਮ ਕਰਦੇ ਰੋਡਵੇਜ਼ ਦੇ ਡਰਾਈਵਰ ਜਗਬੀਰ ਸਿੰਘ ’ਤੇ ਕੁੰਡਲੀ ਨੇੜੇ ਇੱਕ ਥਾਰ ਕਾਰ ਚੜ੍ਹਾ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸੇ ਦੌਰਾਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਅਤੇ ਪ੍ਰਸ਼ਾਸਨ ਵੱਲੋਂ ਢੁੱਕਵੇਂ ਕਦਮ ਨਾ ਚੁੱਕੇ ਜਾਣ ਕਾਰਨ ਮ੍ਰਿਤਕ ਦੇ ਲੜਕੇ ਸੰਦੀਪ ਸਿੰਘ ਨੇ ਜ਼ਹਿਰ ਨਿਗਲ ਲਿਆ ਅਤੇ ਜਿਸ ਦੀ ਦੇਰ ਰਾਤ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
ਅੰਬਾਲਾ ’ਚ ਸਵਾਰੀਆਂ ਨੂੰ ਕਰਨਾ ਪਿਆ ਸਮੱਸਿਆਵਾਂ ਦਾ ਸਾਹਮਣਾ
ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਰੋਡਵੇਜ਼ ਦੇ ਦਿੱਲੀ ਡਿਪੂ ਦੇ ਡਰਾਈਵਰ ਜਗਬੀਰ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਖ਼ਫ਼ਾ ਅੱਜ ਕਰਮਚਾਰੀਆਂ ਨੇ ‘ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ’ ਦੇ ਸੱਦੇ ’ਤੇ ਚੱਕਾ ਜਾਮ ਕਰ ਦਿੱਤਾ ਜਿਸ ਦਾ ਅਸਰ ਅੰਬਾਲਾ ਵਿਚ ਵੀ ਦੇਖਣ ਨੂੰ ਮਿਲਿਆ। ਅੰਬਾਲਾ ਵਿਚ ਕਰਮਚਾਰੀਆਂ ਨੇ ਸ਼ਹਿਰ ਸਥਿਤ ਡਿਪੂ ਦੇ ਬਾਹਰ ਧਰਨਾ ਲਾ ਕੇ ਸੋਨੀਪਤ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇੱਥੋਂ ਦਿੱਲੀ, ਕਾਲਕਾ, ਪਟਿਆਲਾ, ਜਲੰਧਰ ਅਤੇ ਹੋਰ ਸ਼ਹਿਰਾਂ ਨੂੰ ਜਾਣ ਵਾਲੀਆਂ ਸਵਾਰੀਆਂ ਨੂੰ ਕਈ ਕਈ ਘੰਟੇ ਬੱਸਾਂ ਦਾ ਇੰਤਜ਼ਾਰ ਕਰਨਾ ਪਿਆ। ਪੰਜਾਬ ਰੋਡਵੇਜ਼ ਅਤੇ ਨਿਜੀ ਬੱਸ ਸੇਵਾ ਚਲਦੀ ਰਹਿਣ ਕਰਕੇ ਮੁਸਾਫ਼ਰਾਂ ਨੂੰ ਕੁਝ ਰਾਹਤ ਮਿਲੀ। ਸੰਪਰਕ ਕਰਨ ਤੇ ਟਰੈਫ਼ਿਕ ਇੰਚਾਰਜ ਰਾਮਫਲ ਸ਼ਰਮਾ ਨੇ ਦੱਸਿਆ ਕਿ ਅੰਬਾਲਾ ਡਿਪੂ ਦੀਆਂ 176 ਬੱਸਾਂ ਵਿਚੋਂ 61 ਆਨ ਰੂਟ ਹਨ।