ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਸਤੰਬਰ
ਇਥੋਂ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਪਿਛਲੇ ਇਕ ਹਫਤੇ ਤੋਂ ਚੱਲ ਰਹੇ ਫੁਟਬਾਲ ਮੁਕਾਬਲੇ ਅੱਜ ਸਮਾਪਤ ਹੋਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਸਕੂਲ ਵਿਚ ਹੋ ਰਹੇ ਫੁਟਬਾਲ ਮੁਕਾਬਲਿਆਂ ਵਿਚ ਸਕੂਲ ਦੇ ਚਾਰ ਸਦਨਾਂ ਲਿਲੀ ਹਾਊਸ, ਰੋਜ਼ ਹਾਊਸ, ਜੈਸਮੀਨ ਹਾਊਸ ਤੇ ਲੋਟਸ ਹਾਊਸ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਤੇ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਵਧੀਆ ਖਿਡਾਰੀ ਉਹ ਹੀ ਹੁੰਦਾ ਹੈ ਜੋ ਜਿੱਤ ਹਾਰ ਦੀ ਪਰਵਾਹ ਕੀਤੇ ਬਿਨਾਂ ਆਪਣਾ ਸਾਰਾ ਯੋਗਦਾਨ ਖੇਡ ਨੂੰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਅਕਤੀ ਨੂੰ ਅਨੁਸ਼ਾਸਨ, ਸਮੇਂ ਦੀ ਕਦਰ, ਸਮਰਪਨ, ਦ੍ਰਿੜ ਇਰਾਦਾ ਜਿਹੇ ਗੁਣ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਟੋਕਿਓ ਵਿੱਚ ਹੋਈਆਂ ਓਲਿੰਪਕ ਤੇ ਪੈਰਾਲੰਪਿਕ ਦੌਰਾਨ ਦੇਸ਼ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਜੋ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਰੋਜ਼ ਹਾਊਸ ਨੇ ਗੋਲਡ, ਜੈਸਮੀਨ ਹਾਊਸ ਨੇ ਚਾਂਦੀ ਤੇ ਲਿਲੀ ਹਾਊਸ ਨੇ ਕਾਂਸੀ ਦਾ ਤਗ਼ਮਾ ਫੁੰਡਿਆ। ਜ਼ਿਕਰਯੋਗ ਹੈ ਕਿ ਇਹ ਮੁਕਾਬਲੇ ਸਰੀਰਿਕ ਸਿੱਖਿਆ ਦੇ ਅਧਿਆਪਕ ਜਗਜੀਤ ਸਿੰਘ ਤੇ ਡੀਪੀਈ ਸੰਜੀਵ ਕੁਮਾਰ ਦੀ ਦੇਖ ਰੇਖ ਵਿਚ ਸਮਾਪਤ ਹੋਏ ਹਨ। ਇਸ ਦੌਰਾਨ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਵਿਰੇਂਦਰ ਸਿੰਘ, ਸਕੂਲ ਪ੍ਰਬੰਧਕ ਮਨੋਜ ਭਸੀਨ, ਸੰਦੇਸ਼ ਕੁਮਾਰ ਤੇ ਪੂਜਾ ਆਦਿ ਤੋਂ ਇਲਾਵਾ ਸਟਾਫ ਤੇ ਵਿਦਿਆਰਥੀ ਮੌਜੂਦ ਸਨ।