ਪੱਤਰ ਪ੍ਰੇਰਕ
ਪੰਚਕੂਲਾ, 1 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪੀਡਬਲਯੂਡੀ ਗੈਸਟ ਹਾਊਸ ਵਿੱਚ ਐੱਨਜੀਟੀ (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਹਰਿਆਣਾ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਹਿੱਸਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ 10 ਹਜ਼ਾਰ ਏਕੜ ਵਿੱਚ ਇੱਕ ਵੱਡੀ ਸਫ਼ਾਰੀ ਬਣਾਈ ਜਾਵੇਗੀ। ਇਹ ਸਫ਼ਾਰੀ ਗੁੜਗਾਓਂ ਤੋਂ ਮੇਵਾਤ ਦੇ ਨੂਹ ਜ਼ਿਲ੍ਹੇ ਤੱਕ ਅਰਾਵਲੀ ਦੀਆਂ ਪਹਾੜੀਆਂ ਵਿੱਚ ਬਣਾਈ ਜਾਵੇਗੀ। ਇਹ ਸਫਾਰੀ ਦੁਬਈ ਦੇ ਸਾਰਜਾਹ ਦੀ ਸਫਾਰੀ ਵਾਂਗ ਹੋਵੇਗੀ, ਜਿਸ ਵਿੱਚ ਭਾਰਤੀ ਅਤੇ ਵਿਦੇਸ਼ੀ ਜਾਨਵਰ ਵੀ ਹੋਣਗੇ। ਉਨ੍ਹਾਂ ਕਿਹਾ ਕਿ ਉਹ ਇਸੇ ਕੰਮ ਲਈ ਹਾਲ ਹੀ ਵਿੱਚ ਦੁਬਈ ਗਏ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਤੋਂ ਬਿਜਲੀ ਤਿਆਰ ਕਰਨ ਲਈ ਪਲਾਂਟ ਲਗਾਏ ਗਏ ਹਨ ਅਤੇ ਜਿਹੜੇ ਕਾਫੀ ਉਪਯੋਗੀ ਹੋ ਰਹੇ ਹਨ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਸ਼ਾਮਲ ਸਨ।