ਏਲਨਾਬਾਦ: ਗੁਜਰਾਤ ਸਪੋਰਟਸ ਯੂਨੀਵਰਸਿਟੀ ਵਡੋਦਰਾ (ਗੁਜਰਾਤ) ਵਿੱਚ 16 ਤੋਂ 19 ਜੂਨ ਤੱਕ ਕਰਵਾਈ ਗਈ ਪਹਿਲੀ ਕੌਮੀ ਓਪਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪਿੰਡ ਸੰਤਨਗਰ (ਏਲਨਾਬਾਦ) ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਹਰਿਆਣਾ ਦਾ ਨਾਮ ਰੋਸ਼ਨ ਕੀਤਾ ਹੈ। ਪਿੰਡ ਸੰਤਨਗਰ ਦੇ ਖਿਡਾਰੀ ਨਵਪ੍ਰੀਤ ਸਿੰਘ ਭੰਗੂ ਨੇ 40 ਸਾਲ ਤੋਂ ਉਪਰ ਦੇ ਵਰਗ ਵਿੱਚ ਭਾਗ ਲੈਂਦਿਆ ਹੈਮਰ ਥਰੋਅ ਵਿੱਚ ਸੋਨੇ ਦੇ ਤਗਮਾ, ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਭੰਗੂ ਨੇ ਉੱਚੀ ਛਾਲ ਵਿੱਚ ਸੋਨੇ ਦਾ ਤਗਮਾ, 65 ਸਾਲ ਤੋਂ ਉਪਰ ਦੇ ਵਰਗ ਵਿੱਚ ਹਰਜਿੰਦਰ ਸਿੰਘ ਭੰਗੂ ਨੇ ਹੈਮਰ ਥਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਦੱਸਣਯੋਗ ਹੈ ਕਿ ਉਪਰੋਕਤ ਤਿੰਨੋਂ ਖਿਡਾਰੀ ਇੱਕੋ ਹੀ ਪਰਿਵਾਰ ਦੇ ਹਨ। 50 ਤੋਂ ਉੱਪਰ ਦੇ ਵਰਗ ਵਿੱਚ ਸੋਹਨ ਸਿੰਘ ਚਹਿਲ ਨੇ ਹੈਮਰ ਥਰੋਅ ਅਤੇ ਪੋਲ ਵੋਲਟ ਵਿੱਚ ਚਾਂਦੀ ਦੇ ਤਗਮੇ ਜਿੱਤੇ। ਇਸ ਤਰ੍ਹਾਂ ਹਰਜੀਤ ਸਿੰਘ ਨੇ ਚੈਸ ਵਿੱਚ ਚਾਂਦੀ ਅਤੇ ਲੰਬੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਟਰਿੱਪਲ ਜੰਪ ਵਿੱਚ ਆਤਮਾ ਰਾਮ ਚੌਥੇ, ਸੁਖਦੇਵ ਸਿੰਘ ਚੌਥੇ ਅਤੇ ਹੈਮਰ ਥਰੋਅ ਵਰਗ ਵਿੱਚ ਭੀਮ ਸਿੰਘ ਚੌਥੇ ਸਥਾਨ ’ਤੇ ਰਹੇ। -ਪੱਤਰ ਪ੍ਰੇਰਕ