ਚੰਡੀਗੜ੍ਹ, 2 ਅਕਤੂਬਰ
ਭਾਰਤੀ ਜਨਤਾ ਪਾਰਟੀ ਉੱਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲਣ ਦੇ ਮਾਹਿਰ ਹਨ। ਉਹ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਪੈਂਦੇ ਬਾਢੜਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਖੜਗੇ ਨੇ ਕਿਹਾ, ‘ਅੱਜ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦੇ ਜਨਮ ਦਿਨ ਹਨ। ਮਹਾਤਮਾ ਗਾਂਧੀ ਨੇ ਸਾਨੂੰ ਸੱਚਾਈ ਅਤੇ ਅਹਿੰਸਾ ਦੀ ਸਿੱਖਿਆ ਦਿੱਤੀ ਹੈ। ਮੈਂ ਇਹ ਕਹਿਣਾ ਨਹੀਂ ਚਾਹੁੰਦਾ, ਪਰ ਜਿਹੜੇ ਲੋਕ ਸੱਤਾ ਵਿੱਚ ਹਨ ਉਹ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਬੋਲਦੇ ਹਨ।’ ਉਨ੍ਹਾਂ ਕਿਹਾ, ‘ਮੋਦੀ ਜੀ ਤੋ ਭਰੋਸਾ ਤੋੜਨੇ ਵਾਲੋਂ ਕਾ ਭੀ ਸਰਦਾਰ ਹੈ। ਉਨ੍ਹਾਂ ਦੇ ਅਣਗਿਣਤ ਝੂਠ ਬੋਲੇ ਤੇ ਝੂਠੇ ਵਾਅਦੇ ਕੀਤੇ, ਤੁਸੀਂ ਇਸ ਬਾਰੇ ਜਾਣਦੇ ਹੋ।’ ਇਸ ਮੌਕੇ ਮੰਚ ’ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਮੌਜੂਦ ਸਨ। ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਦਸ ਸਾਲਾਂ ਦੌਰਾਨ ਮੋਦੀ ਨੇ ਅਣਗਿਣਤ ਝੂਠੇ ਵਾਅਦੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਹੁਣ ਹਰਿਆਣਾ ਵਿੱਚ ਚੋਣਾਂ ਦੌਰਾਨ ਕਹਿ ਰਹੀ ਹੈ ਕਿ ਉਹ ਪੰਜ ਲੱਖ ਨੌਕਰੀਆਂ ਦੇਣਗੇ, ਜਦਕਿ ਉਨ੍ਹਾਂ ਨੇ 1.60 ਲੱਖ ਤੋਂ ਜ਼ਿਆਦਾ ਖਾਲੀ ਪਏ ਅਹੁਦੇ ਨਹੀਂ ਭਰੇ। ਖੜਗੇ ਨੇ ਕਿਹਾ, ‘ਮਨੋਹਰ ਲਾਲ ਖੱਟਰ ਸਾਢੇ ਨੌਂ ਸਾਲਾਂ ਤੱਕ ਮੁੱਖ ਮੰਤਰੀ ਰਹੇ ਪਰ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਉਨ੍ਹਾਂ ਨੂੰ ਬਦਲਿਆ ਗਿਆ ਕਿਉਂਕਿ ਇੰਜਣ ਫੇਲ੍ਹ ਹੋ ਗਿਆ ਸੀ। ਜੇ ਉਨ੍ਹਾਂ ਦਾ ਕੰਮ ਠੀਕ ਸੀ, ਜੇ ਉਨ੍ਹਾਂ ਨੇ ਆਪਣੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਬਦਲਾਅ ਦੀ ਕੀ ਲੋੜ ਸੀ? ਸੱਚ ਇਹ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਬਦਲ ਦਿੱਤਾ, ਇਸ ਦਾ ਮਤਲਬ ਹੈ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੇ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅੱਜ ਵੀ ਲੋਕ ਭੁਪਿੰਦਰ ਸਿੰਘ ਹੁੱਡਾ ਦੇ ਸਮੇਂ ਵਿੱਚ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹਨ। -ਪੀਟੀਆਈ