ਪੱਤਰ ਪ੍ਰੇਰਕ
ਜੀਂਦ, 10 ਫਰਵਰੀ
ਜੀਂਦ ਜ਼ਿਲ੍ਹੇ ਦੇ ਜੁਲਾਨਾ ਕਸਬੇ ਵਿੱਚ ਖਾਦ-ਬੀਜ ਦੀਆਂ ਦੁਕਾਨਾਂ ਉੱਤੇ ਐੱਸਡੀਐੱਮ ਵੇਦ ਪ੍ਰਕਾਸ਼ ਨੇ ਖੇਤੀ ਅਧਿਕਾਰੀਆਂ ਦੇ ਨਾਲ ਮਿਲ ਕੇ ਛਾਪੇ ਮਾਰੇ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਦੁਕਾਨਾਂ ਉੱਤੇ ਰੱਖੀਆਂ ਦਵਾਈਆਂ ਦੇ ਸੈਂਪਲ ਭਰੇ। ਇਸ ਟੀਮ ਦੇ ਆਉਣ ਨਾਲ ਇੱਥੇ ਖਾਦ-ਬੀਜ ਦੀਆਂ ਦੁਕਾਨਾਂ ਦੇ ਮਾਲਕਾਂ ਵਿੱਚ ਹੜਕੰਪ ਜਿਹਾ ਮੱਚ ਗਿਆ ਉਥੇ ਕਈਆਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਹੇਠਾਂ ਸੁੱਟ ਦਿੱਤੇ। ਫਿਰ ਵੀ ਟੀਮ ਨੇ ਕਈ ਦੁਕਾਨਦਾਰਾਂ ਦੇ ਸੈਂਪਲ ਲਏ। ਐੱਸਡੀਐੱਮ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸਾਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੇ ਖਾਦ-ਬੀਜ ਦੇ ਦੁਕਾਨਦਾਰ ਕਿਸਾਨਾਂ ਨੂੰ ਪਹਿਲਾਂ ਤਾਂ ਖਾਦ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਜੇ ਦਿੰਦੇ ਵੀ ਹਨ ਤਾਂ ਉਹ ਉਨ੍ਹਾਂ ਨੂੰ ਜ਼ਬਰਦਸਤੀ ਦਵਾਈਆਂ ਥੋਪਦੇ ਹਨ, ਜਿਸ ਦੀ ਕਿਸਾਨ ਨੂੰ ਲੋੜ ਵੀ ਨਹੀਂ ਹੁੰਦੀ। ਪਿੰਡ ਬੁੱਢਾਖੇੜਾ ਲਾਠਰ ਦੇ ਕਿਸਾਨ ਇੰਦਰ ਨੇ ਦੱਸਿਆ ਕਿ ਜੁਲਾਨਾ ਦੇ ਖਾਦ ਬੀਜ ਦੇ ਦੁਕਾਨਦਾਰ ਕਿਸਾਨਾਂ ਨੂੰ ਜ਼ਬਰਦਸਤੀ ਖਾਦ ਦੇ ਨਾਲ ਦਵਾਈਆਂ ਦਿੰਦੇ ਹਨ। ਇਸ ਮੌਕੇ ਐੱਸਡੀਐੱਮ ਵੇਦ ਪ੍ਰਕਾਸ਼ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਖਾਦ ਨਾਲ ਜ਼ਬਰਦਸਤੀ ਦਵਾਈ ਨਹੀਂ ਦੇ ਸਕਦਾ। ਜੇ ਅੱਗੇ ਉਨ੍ਹਾਂ ਨੂੰ ਕਿਸੇ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸ ਦੁਕਾਨਦਾਰ ਖ਼ਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।