ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 13 ਅਕਤੂਬਰ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਸਵਰਨ ਸਿੰਘ ਰਤੀਆ ਨੇ ਅੱਜ ਇੱਥੇ ਕਮੇਟੀ ਦੇ ਆਪੂੰ ਬਣੇ ਪ੍ਰਧਾਨਾਂ ਨੂੰ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ। ਉਹ ਅੱਜ ਕਮੇਟੀ ਦੇ ਮੁੱਖ ਦਫਤਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਵਿੱਚ ਸੰਬੋਧਨ ਕਰ ਰਹ ਸਨ। ਉਨ੍ਹਾਂ ਕਿਹਾ ਕਿ ਜਥੇਦਾਰ ਦਾਦੂਵਾਲ ਕੋਈ ਆਪੇ ਪ੍ਰਧਾਨ ਨਹੀਂ ਹਨ ਬਾਕਾਇਦਾ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਅਤੇ 13 ਅਗਸਤ 2020 ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਵੋਟਾਂ ਪਾ ਕੇ ਬਹੁਮਤ ਨਾਲ ਜਥੇਦਾਰ ਦਾਦੂਵਾਲ ਨੂੰ ਪ੍ਰਧਾਨ ਚੁਣਿਆ ਗਿਆ ਸੀ। ਉਨ੍ਹਾਂ ਆਪਣੇ 2 ਸਾਲ ਦੇ ਪ੍ਰਧਾਨਗੀ ਕਾਰਜਕਾਲ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚੱਜਾ ਕੀਤਾ ਅਤੇ ਧਰਮ ਪ੍ਰਚਾਰ ਕੀਤਾ। ਜਥੇਦਾਰ ਰਤੀਆ ਨੇ ਕਿਹਾ ਕਿ ਪਹਿਲਾਂ ਗੁਰਦੁਆਰਾ ਨਿੰਮ ਸਾਹਿਬ ਕੈਥਲ ਵਿੱਚ ਮੀਟਿੰਗ ਕਰਕੇ ਅਮਰਿੰਦਰ ਸਿੰਘ ਅਰੋੜਾ ਨੇ ਜਗਦੀਸ਼ ਸਿੰਘ ਝੀਂਡਾ ਦੇ ਗਲ ਵਿੱਚ ਸਿਰੋਪਾ ਪਾ ਦਿੱਤਾ ਅਤੇ ਝੀਂਡਾ ਨੇ 33 ਮੈਂਬਰਾਂ ਨਾਲ ਹੋਣ ਦਾ ਦਾਅਵਾ ਕੀਤਾ ਪਰ ਉਸ ਵੇਲੇ ਮੈਂਬਰ ਕੇਵਲ 15 ਹੀ ਹਾਜ਼ਰ ਸਨ। ਫਿਰ ਅਰੋੜਾ ਨੇ 5 ਅਕਤੂਬਰ ਨੂੰ ਕਰਨਾਲ ਵਿੱਚ ਇਕੱਠ ਕਰਕੇ ਝੀਂਡਾ ਦੇ ਗਲੋਂ ਸਿਰੋਪਾ ਲਾਹ ਕੇ ਆਪਣੇ ਗਲ ਪਾ ਕੇ ਪ੍ਰਧਾਨਗੀ ਦਾ ਦਾਅਵਾ ਕਰਦਿਆਂ 24 ਮੈਂਬਰ ਹੋਣ ਦਾ ਦਾਅਵਾ ਕੀਤਾ ਤੇ ਮੈਂਬਰ ਕੇਵਲ 12 ਹਾਜ਼ਰ ਸਨ। ਜਥੇਦਾਰ ਰਤੀਆ ਨੇ ਕਿਹਾ ਕੇ ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਸਾਰਿਆਂ ਨੂੰ ਰਲ ਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਪਹਿਲ ਦੇ ਆਧਾਰ ’ਤੇ ਕਰਨਾ ਚਾਹੀਦਾ ਹੈ ਫਿਰ ਜੇ ਕਿਸੇ ਨੂੰ ਪ੍ਰਧਾਨਗੀ ਦਾ ਲਾਲਚ ਹੈ ਤੇ ਉਹਦੇ ਲਈ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ। ਜਨਰਲ ਹਾਊਸ ਸੱਦਿਆ ਜਾਵੇਗਾ ਫਿਰ ਬਾਕਾਇਦਾ ਵੋਟਾਂ ਪੈਣਗੀਆਂ ਜਿਸ ਨੂੰ ਬਹੁਮਤ ਮਿਲੇਗਾ ਉਹ ਇਸ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾਵੇਗਾ। ਉਨ੍ਹਾ ਕਿਹਾ ਕਿ 9 ਅਕਤੂਬਰ ਨੂੰ ਗੁਰਦੁਆਰਾ ਨਾਢਾ ਸਾਹਿਬ ਵਿੱਚ ਕਰਵਾਏ ਗਏ ਸ਼ੁਕਰਾਨਾ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਇਹੀ ਕਿਹਾ ਹੈ ਕਿ ਜਿੰਨਾ ਚਿਰ ਨਵੀਂ ਐਡਹਾਕ ਕਮੇਟੀ ਦਾ ਐਲਾਨ ਨਹੀਂ ਕੀਤਾ ਜਾਂਦਾ ਉਨਾ ਚਿਰ ਪੁਰਾਣੀ ਐਡਹਾਕ ਕਮੇਟੀ ਹੀ ਜਥੇਦਾਰ ਦਾਦੂਵਾਲ ਦੀ ਪ੍ਰਧਾਨਗੀ ਹੇਠ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ। ਜਥੇਦਾਰ ਰਤੀਆ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪੂੰ ਬਣ ਰਹੇ ਪ੍ਰਧਾਨਾਂ ਨੂੰ ਕੋਝੀਆਂ ਹਰਕਤਾਂ ਤੋਂ ਬਾਜ਼ ਆ ਕੇ ਸੇਵਾ ਸਿਮਰਨ ਕਰਨ ਦੀ ਸਲਾਹ ਦਿੱਤੀ।