ਪੱਤਰ ਪ੍ਰੇਰਕ
ਯਮੁਨਾਨਗਰ, 7 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਦੀ ਵੰਡ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਭਾਜਪਾ ਨੂੰ ਅਲਵਿਦਾ ਕਹਿਣਾ ਲਗਾਤਾਰ ਜਾਰੀ ਹੈ । ਅੱਜ ਸਢੌਰਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਸੀਨੀਅਰ ਆਗੂ ਦਾਤਾਰਾਮ ਨੇ ਆਪਣੇ ਸੈਂਕੜੇ ਵਰਕਰਾਂ ਸਣੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 1982 ਤੋਂ ਹੁਣ ਤੱਕ ਭਾਜਪਾ ਦੀ ਸੇਵਾ ਕਰਦੇ ਆ ਰਹੇ ਹਨ, ਪਰ ਭਾਜਪਾ ਉਨ੍ਹਾਂ ਦਾ ਸਨਮਾਨ ਨਹੀਂ ਕਰ ਰਹੀ ਜਿਸ ਕਾਰਨ ਅੱਜ ਉਨ੍ਹਾਂ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ । ਇਸ ਤੋਂ ਬਾਅਦ ਯਮੁਨਾਨਗਰ ਜਗਾਧਰੀ ਦੇ ਮਸ਼ਹੂਰ ਉਦਯੋਗਪਤੀ ਅਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਦੇਵੇਂਦਰ ਚਾਵਲਾ ਨੇ ਵੀ ਭਾਜਪਾ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਨੇ ਇਕ ਵਾਰ ਫਿਰ ਘਣਸ਼ਿਆਮ ਦਾਸ ਅਰੋੜਾ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਉਹ ਪਿਛਲੇ 25 ਸਾਲਾਂ ਤੋਂ ਲਗਾਤਾਰ ਚੋਣਾਂ ਲੜ ਰਹੇ ਹਨ। ਘਣਸ਼ਿਆਮ ਦਾਸ ਅਰੋੜਾ ਵੀ ਪਿਛਲੇ 10 ਸਾਲਾਂ ਤੋਂ ਚੋਣ ਜਿੱਤਦੇ ਆ ਰਹੇ ਹਨ ਪਰ ਪਾਰਟੀ ਨੇ ਇਸ ਵਾਰੀ ਸਰਵੇਖਣ ਕਰਵਾਉਣ ਦੀ ਗੱਲ ਕਹੀ ਸੀ ਪਰ ਸਰਵੇ ਦੇ ਬਾਵਜੂਦ ਕਿਸੇ ਨਵੇਂ ਚਿਹਰੇ ਨੂੰ ਟਿਕਟ ਦੇਣ ਦੀ ਬਜਾਏ ਮੁੜ ਤੋਂ ਘਣਸ਼ਿਆਮ ਦਾਸ ਅਰੋੜਾ ਨੂੰ ਟਿਕਟ ਦੇ ਦਿੱਤੀ । ਕਾਂਗਰਸ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਦੇਵੇਂਦਰ ਨੇ ਕਾਂਗਰਸ ‘ਚ ਘਰ ਵਾਪਸੀ ਦੇ ਸਵਾਲ ‘ਤੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਕੋਈ ਫੈਸਲਾ ਨਹੀਂ ਲਿਆ ਹੈ ਕਿ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ ।