ਟ੍ਰਿਬਿਊਨ ਨਿਊਜ਼ ਸਰਵਿਸ
ਪਾਣੀਪਤ, 5 ਨਵੰਬਰ
ਜ਼ਿਲ੍ਹੇ ਦੇ ਸਬਕੀ ਖੇਤਰ ਦੇ ਦੋ ਪਿੰਡਾਂ ਧਨਸੋਲੀ ਅਤੇ ਰਾਣਾ ਮਾਜਰਾ ਵਿੱਚ ਸੱਤ ਲੋਕਾਂ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਪੁਲੀਸ ਨੂੰ ਸ਼ੱਕ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਿ੍ਤਕਾਂ ਦੀ ਪਛਾਣ ਧਨਸੋਲੀ ਦੇ ਬਿਜੇਂਦਰ, ਬਲਬੀਰ, ਇਸਲਾਮ, ਸੱਤਪਾਲ ਅਤੇ ਨੰਗਲਾਪਾਰ ਪਿੰਡ ਦੇ ਸੁਸ਼ੀਲ, ਰਾਮਮੇਹਰ ਅਤੇ ਸ਼ਿਵ ਕੁਮਾਰ ਵਜੋਂ ਹੋਈ ਹੈ। ਹੋਰਨਾਂ ਪੀੜਤਾਂ ਦੀ ਪਛਾਣ ਇੰਦਰ ਅਤੇ ਰਤਨਾ ਧਨਸੋਲੀ ਤੇ ਝਾਂਬਾ ਦੇ ਰਮੇਸ਼ ਦੱਸੀ ਗਈ ਹੈ। ਐਸਪੀ ਮਨੀਸ਼ਾ ਚੌਧਰੀ ਨੇ ਦੱਸਿਆ ਕਿ ਸਨੋਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਡੀਐਸਪੀ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੌਤਾਂ ਦਾ ਕਾਰਨ ਜ਼ਹਿਰੀਲੀ ਸ਼ਰਾਬ ਹੋਣ ਦਾ ਸ਼ੱਕ ਹੈ ਪਰ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਬਾਅਦ ਹੀ ਲੱਗੇਗਾ।