ਪੱਤਰ ਪ੍ਰੇਰਕ
ਰਤੀਆ, 12 ਨਵੰਬਰ
ਸ਼ਹਿਰ ਥਾਣਾ ਪੁਲੀਸ ਨੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਸ਼ੋਅਰੂਮ ਦੀ ਉਪਰਲੀ ਮੰਜ਼ਿਲ ’ਤੇ ਬਣੇ ਸਟੋਰ ਵਿੱਚੋਂ ਚੋਰੀ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤੀਆਂ 7 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤਾਂ ਦੇ ਕਬਜ਼ੇ ਵਿੱਚੋਂ ਚੋਰੀ ਦਾ ਕੁੱਝ ਸਮਾਨ ਵੀ ਬਰਾਮਦ ਹੋਇਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ ਔਰਤਾਂ ਨੇ ਮੇਨ ਬਾਜ਼ਾਰ ਵਿੱਚ ਸਥਿਤ ਵਿਜੈ ਫੈਂਸੀ ਸਟੋਰ ਦੇ ਕੱਪੜੇ ਦੇ ਵੱਡੇ ਸ਼ੋਅਰੂਮ ਦੀ ਉਪਰਲੀ ਮੰਜ਼ਿਲ ’ਤੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ ਅਤੇ ਚੋਰੀ ਦੌਰਾਨ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰੇ ’ਤੇ ਕੱਪੜਾ ਆਦਿ ਵੀ ਪਾ ਦਿੱਤਾ ਸੀ। ਪੁਲੀਸ ਨੇ ਸ਼ੋਅਰੂਮ ਦੇ ਮਾਲਕ ਵਿਜੈ ਕੁਮਾਰ ਦੀ ਸ਼ਿਕਾਇਤ ’ਤੇ ਸ਼ਹਿਰ ਦੇ ਵਾਰਡ ਨੰ. 10 ਦੀ ਸ਼ਰੀਫਾ ਉਰਫ ਬਿੱਲੀ, ਰੂਪਾ, ਪੂਜਾ, ਰਜਨੀ ਅਤੇ ਗੀਤਾ ਤੋਂ ਇਲਾਵਾ 2 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਇਸ ਸਬੰਧੀ ਮਹਿਲਾ ਪੁਲੀਸ ਅਧਿਕਾਰੀ ਅੰਜੂ ਨੂੰ ਸੌਂਪ ਦਿੱਤੀ। ਸ਼ਿਕਾਇਤਕਰਤਾ ਨੇ ਕਰੀਬ 1 ਲੱਖ ਰੁਪਏ ਦਾ ਕੀਮਤੀ ਸਾਮਾਨ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਮਗਰੋਂ ਪੁਲੀਸ ਨੇ ਜਾਂਚ ਆਰੰਭ ਦਿੱਤੀ ਸੀ। ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ 5 ਨਾਮਜ਼ਦਾਂ ਵਿੱਚ ਸ਼ਾਮਲ ਸ਼ਰੀਫਾ ਉਰਫ ਬਿੱਲੀ, ਰੂਪਾ, ਪੂਜਾ, ਰਜਨੀ ਅਤੇ ਗੀਤਾ ਤੋਂ ਇਲਾਵਾ 2 ਹੋਰ ਕਮਲਾ ਅਤੇ ਅੰਜਲੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦਾ ਸਾਮਾਨ ਵੀ ਬਰਾਮਦ ਹੋਇਆ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।