ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 27 ਸਤੰਬਰ
ਕੇਂਦਰੀ ਊਰਜਾ ਮੰਤਰੀ ਮਨਹੋਰ ਲਾਲ ਖੱਟਰ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਹੀ ਦੇਸ਼ ਵਿਰੋਧੀ ਪਾਰਟੀ ਰਹੀ ਹੈ। ਉਹ ਹਲਕਾ ਗੂਹਲਾ ਦੇ ਕਸਬਾ ਸੀਵਨ ਦੇ ਰਾਮ ਲੀਲਾ ਮੈਦਾਨ ਵਿੱਚ ਕਰਵਾਏ ਪੰਜਾਬੀ ਸੰਮੇਲਨ ਵਿੱਚ ਗੂਹਲਾ ਤੋਂ ਭਾਜਪਾ ਉਮੀਦਵਾਰ ਕੁਲਵੰਤ ਬਾਜ਼ੀਗਰ ਦੇ ਹੱਕ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਮੁਖੌਟਾ ਪਾ ਕੇ ਅੱਜ ਵੀ ਕੁਝ ਲੋਕ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਰਸਤਾ ਰੋਕੀ ਬੈਠੇ ਹਨ। ਇਨ੍ਹਾਂ ਲੋਕਾਂ ਦਾ ਕਿਸਾਨ ਅਤੇ ਕਿਸਾਨੀ ਨਾਲ ਕੋਈ ਸਬੰਧ ਨਹੀਂ ਹੈ। ਇਹ ਲੋਕ ਸਿਰਫ਼ ਵਿਰੋਧੀ ਪਾਰਟੀਆਂ ਦੇ ਇਸ਼ਾਰਿਆਂ ’ਤੇ ਰਾਜ ਸਰਕਾਰ ਦੇ ਕੰਮ ਵਿੱਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਨੇ ਪਿਛਲੇ ਦੋ ਸਾਲ ਤੋਂ ਕਿਸਾਨਾਂ ਦੀ ਆੜ ਵਿੱਚ ਰਾਜ ਵਿੱਚ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦਾ ਏਜੰਡਾ ਚਲਾਇਆ ਹੋਇਆ ਹੈ, ਪਰ ਉਹ ਆਪਣੇ ਮਕਸਦ ਵਿੱਚ ਕਦੇ ਵੀ ਸਫ਼ਲ ਨਹੀਂ ਹੋ ਸਕੇਗੀਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਇਨਸਾਫ਼ ਨਾ ਹੋਣ ਕਾਰਨ ਰਾਜ ਵਿੱਚ ਸੰਤ ਰਾਮਪਾਲ ਦਾ ਬਰਵਾਲਾ ਸੰਘਰਸ਼ ਅਤੇ ਸੰਤ ਗੁਰਮੀਤ ਰਾਮ ਰਹੀਮ ਦਾ ਸਿਰਸਾ ਸੰਘਰਸ਼ ਭਾਜਪਾ ਦੇ ਗਲ ਵਿੱਚ ਪੈ ਗਿਆ। ਇਸ ਮੌਕੇ ਕੁਲਵੰਤ ਬਾਜ਼ੀਗਰ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਵਿੱਚ ਰਿਕਾਰਡ ਵਿਕਾਸ ਕਾਰਜ ਕਰਵਾਏ ਸਨ। ਇਸ ਮੌਕੇ ਬਾਲਕ੍ਰਿਸ਼ਨ ਮੌਰਿਆ, ਸੰਜੈ, ਸ਼ੈੱਟੀ, ਕੇਕੇ ਆਨੰਦ, ਸਤੀਸ਼ ਮੁੰਜਾਲ, ਸ਼ੈਲੀ ਮੁੰਜਾਲ, ਅਨਿਤਾ ਨਰੇਸ਼ ਮੁੰਜਾਲ, ਭੀਸ਼ਮ ਨੰਬਰਦਾਰ, ਸੰਜੈ ਸੈਣੀ ਹਾਜ਼ਰ ਸਨ।