ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਦਸੰਬਰ
ਮੁੱਖ ਮੰਤਰੀ ਮਨੋਹਰ ਲਾਲ ਵਲੋਂ ਦੇਸ਼ ਦੇ ਅੰਨਦਾਤਾ ਨੂੰ ਅਤਿਵਾਦੀ ਤੇ ਦੇਸ਼ ਧਰੋਹੀ ਕਹਿਣ ਦੀ ਨਿੰਦਾ ਕਰਦੇ ਹੋਏ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਬਿਆਨ ਸ਼ਰਮਨਾਕ ਹੈ। ਇਸ ਨਾਲ ਸੂਬੇ ਦੇ ਲੋਕਾਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਮੁੱਖ ਮੰਤਰੀ ਨੂੰ ਆਪਣੇ ਇਸ ਬਿਆਨ ਦੇ ਲਈ ਦੇਸ਼ ਦੇ ਅੰਨਦਾਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ। ਸ੍ਰੀ ਅਰੋੜਾ ਆਪਣੇ ਨਿਵਾਸ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਅਰੋੜਾ ਨੇ ਕਿਹਾ ਕਿ ਜੋ ਸੰਗਠਨ ਭਾਜਪਾ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਖ਼ਿਲਾਫ਼ ਅੰਦੋਲਨ ਕਰਦਾ ਹੈ, ਉਸ ਨੂੰ ਭਾਜਪਾ ਵਾਲੇ ਰਾਸ਼ਟਰ ਵਿਰੋਧੀ ਕਰਾਰ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਨੂੰ ਅਮਿਤ ਸ਼ਾਹ ਨੂੰ ਇਹ ਕਹਿ ਕੇ ਗੁਮਰਾਹ ਕਰ ਰਹੇ ਹਨ ਕਿ ਅੰਦੋਲਨ ਵਿਚ ਹਰਿਆਣਾ ਦਾ ਕੋਈ ਕਿਸਾਨ ਸ਼ਾਮਲ ਨਹੀਂ। ਉਨ੍ਹਾਂ ਕਿਹਾ ਕਿ ਜੇ ਅੰਦੋਲਨ ਵਿਚ ਸੂਬੇ ਦਾ ਕੋਈ ਕਿਸਾਨ ਸ਼ਾਮਲ ਨਹੀਂ ਤਾਂ ਫਿਰ ਪੁਲੀਸ ਵਲੋਂ ਸੂਬੇ ਦੇ ਕਿਸਾਨਾਂ ’ਤੇ ਕਤਲ ਜਿਹੇ ਕੇਸ ਕਿਉਂ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਹਰਿਆਣਾ ਦੇ ਹਜ਼ਾਰਾਂ ਕਿਸਾਨ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਮੁੱਖ ਮੰਤਰੀ ਦਾ ਖ਼ੁਫੀਆ ਤੰਤਰ ਫ਼ੇਲ੍ਹ ਹੋ ਚੁੱਕਾ ਹੈ।
ਸ੍ਰੀ ਅਰੋੜਾ ਨੇ ਕਿਹਾ ਕਿ ਮੁਕੱਦਮੇ ਕਿਸਾਨਾਂ ’ਤੇ ਨਹੀਂ ਬਲਕਿ ਮੁੱਖ ਮੰਤਰੀ, ਗ੍ਰਹਿ ਮੰਤਰੀ, ਡੀਜੀਪੀ, ਚੀਫ ਸੈਕਟਰੀ ਤੇ ਸਬੰਧਿਤ ਜ਼ਿਲ੍ਹਿਆਂ ਦੇ ਡੀਸੀ ਤੇ ਐਸਪੀ ’ਤੇ ਦਰਜ ਕੀਤੇ ਜਾਣੇ ਚਾਹੀਦੇ ਹਨ। ਸੰਪਤੀ ਦੇ ਨੁਕਸਾਨ ਦੀ ਭਰਪਾਈ ਵੀ ਇਨ੍ਹਾਂ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਸੜਕਾਂ ’ਤੇ ਟੋਏ ਪੁੱਟਣ ਕਾਰਨ ਕਸ਼ਮੀਰ ਤੋਂ ਦਿੱਲੀ ਜਾ ਰਿਹਾ ਕਰੋੜਾਂ ਰੁਪਏ ਦਾ ਸੇਬ ਖ਼ਰਾਬ ਹੋ ਰਿਹਾ ਹੈ, ਇਸ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ।