ਪੱਤਰ ਪ੍ਰੇਰਕ
ਏਲਨਾਬਾਦ, 10 ਜੂਨ
ਰਾਣੀਆਂ ਖੇਤਰ ਵਿੱਚ ਵਧ ਰਹੇ ਨਸ਼ੇ ਦੇ ਕਹਿਰ ਤੋਂ ਪ੍ਰੇਸ਼ਾਨ ਸ਼ਹਿਰ ਦੇ ਨਕੌੜਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਖੁਦ ਕਾਰਵਾਈ ਦਾ ਐਲਾਨ ਕੀਤਾ ਹੈ। ਦੁਕਾਨਦਾਰਾਂ ਨੇ ਆਖਿਆ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਇੱਥੇ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਦਾਅਵੇ ਫੇਲ੍ਹ ਹਨ ਅਤੇ ਇਸ ਖੇਤਰ ਵਿੱਚ ਧੜੱਲੇ ਨਾਲ ਨਸ਼ੇ ਦੀ ਤਸਕਰੀ ਹੋ ਰਹੀ ਹੈ।
ਲੋਕਾਂ ਨੇ ਕਿਹਾ ਕਿ ਰਾਣੀਆ ਸ਼ਹਿਰ ਵਿੱਚ ਹੀ ਕਈ ਅਜਿਹੇ ਪਰਿਵਾਰ ਹਨ ਜਿਨ੍ਹਾਂ ਦੇ ਬੱਚੇ ਅਤੇ ਪਰਿਵਾਰਕ ਮੈਂਬਰ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ ਅਤੇ ਹੁਣ ਘਰਾਂ ਵਿੱਚ ਸਿਰਫ਼ ਔਰਤਾਂ ਹੀ ਰਹਿ ਗਈਆਂ ਹਨ। ਹੁਣ ਸ਼ਹਿਰ ਦੇ ਨਕੌੜਾ ਬਾਜ਼ਾਰ ਦੇ ਲੋਕਾਂ ਨੇ ਖੁਦ ਡਾਂਗਾ ਲੈ ਕੇ ਇੱਥੇ ਨਸ਼ੇ ਦੀ ਸਪਲਾਈ ਕਰਨ ਵਾਲੇ ਲੋਕਾਂ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਹ ਪੁਲੀਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਦੇ ਕੇ ਅੱਕ ਚੁੱਕੇ ਹਨ ਇਸ ਲਈ ਹੁਣ ਉਨ੍ਹਾਂ ਨੂੰ ਖੁਦ ਹੀ ਅੱਗੇ ਆਉਣਾ ਪਿਆ ਹੈ। ਜੇ ਕੋਈ ਨਸ਼ਾ ਵੇਚਣ ਲਈ ਇਸ ਪਾਸੇ ਆਇਆ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਇੱਥੇ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਨਸ਼ਾ ਵੇਚਣ ਵਾਲਿਆ ਦੀ ਪਛਾਣ ਹੋ ਸਕੇ।
ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਅਜੇ ਵੀ ਨਾ ਕੀਤਾ ਗਿਆ ਤਾਂ ਉਹ ਬਾਜ਼ਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਲੋਕਾਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਅਤੇ ਖੇਤਰ ਵਿੱਚ ਨਸ਼ੇ ਦੀ ਰੋਕਥਾਮ ਲਈ ਇੱਕ ਮੰਗ ਪੱਤਰ ਥਾਣਾ ਰਾਣੀਆ ਦੇ ਇੰਚਾਰਜ ਰਾਜਬੀਰ ਸਿੰਘ ਨੂੰ ਵੀ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਣੀਆ ਦੇ ਇੰਚਾਰਜ ਰਾਜਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਪੁਲੀਸ ਵੱਲੋਂ ਹੁਣ ਇਸ ਖੇਤਰ ਵਿੱਚ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈੇ ਅਤੇ ਗਸ਼ਤ ਵਧਾ ਦਿੱਤੀ ਗਈ ਹੈ। ਪੁਲੀਸ ਵੱਲੋਂ ਹੁਣ ਇਸ ਖੇਤਰ ਵਿੱਚ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ।