ਪੱਤਰ ਪ੍ਰੇਰਕ
ਰਤੀਆ, 15 ਨਵੰਬਰ
ਬਿਜਲੀ ਵਿਭਾਗ ਵੱਲੋਂ 6 ਮਹੀਨੇ ਦਾ ਇਕੱਠਾ ਬਿਜਲੀ ਦਾ ਬਿੱਲ ਭੇਜਣ ’ਤੇ ਦੁਕਾਨਦਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਰੋਬਾਰ ਵਿੱਚ ਆਰਥਿਕ ਗਿਰਾਵਟ ਦੌਰਾਨ ਵੱਡੀ ਰਕਮ ਦਾ ਬਿੱਲ ਭਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਮੰਗ ਬਿਜਲੀ ਦਾ ਬਿੱਲ ਮੁਆਫ਼ ਕਰਨ ਦੀ ਮੰਗ ਕੀਤੀ। ਸਤਨਾਮ ਦਾਸ, ਵੀਰੇਂਦਰ ਕੁਮਾਰ, ਸਾਗਰ, ਰਮੇਸ਼, ਓਮ ਪ੍ਰਕਾਸ਼, ਅਮਰਪਾਲ ਆਦਿ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਛੇ ਮਹੀਨਿਆਂ ਦਾ ਵੱਡਾ ਬਿੱਲ ਭੇਜ ਕੇ ਦੁਕਾਨਦਾਰਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਈ ਦੁਕਾਨਦਾਰਾਂ ਨੂੰ 90 ਹਜ਼ਾਰ ਰੁਪਏ ਜਾਂ ਇੱਕ ਲੱਖ ਰੁਪਏ ਤੱਕ ਦਾ ਬਿੱਲ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਆਇਆ ਬਿਜਲੀ ਦਾ ਬਿੱਲ ਮੁਆਫ ਕਰ ਦੇਣਾ ਚਾਹੀਦਾ ਹੈ। ਜੇਕਰ ਉਨ੍ਹਾਂ ਦਾ ਬਿਜਲੀ ਬਿੱਲ ਮੁਆਫ਼ ਹੋ ਜਾਵੇਗਾ ਤਾਂ ਉਹ ਅਗਲਾ ਬਿੱਲ ਸੁਚਾਰੂ ਢੰਗ ਨਾਲ ਭਰਨ ਦੇ ਸਮਰੱਥ ਹੋ ਜਾਣਗੇ। ਬਿਜਲੀ ਮਹਿਕਮੇ ਦੇ ਐੱਸ ਡੀ ਓ ਆਨੰਦ ਪ੍ਰਕਾਸ਼ ਦਾ ਕਹਿਣਾ ਹੈ ਕਿ ਸਿਸਟਮ ਨੂੰ ਅੱਪਗ੍ਰੇਡ ਕਰਨ ਸਦਕਾ ਇਹ ਇਕੱਠਾ ਬਿੱਲ ਆਇਆ ਹੈ। ਅਜਿਹੀ ਸਥਿਤੀ ’ਚ ਖਪਤਕਾਰਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ, ਸਗੋਂ ਕਿਸ਼ਤਾਂ ਬਣਾ ਕੇ ਆਸਾਨੀ ਨਾਲ ਬਿੱਲ ਭਰਿਆ ਜਾ ਸਕਦਾ ਹੈ।