ਪੱਤਰ ਪ੍ਰੇਰਕ
ਯਮੁਨਾਨਗਰ, 15 ਦਸੰਬਰ
ਨਗਰ ਨਿਗਮ ਦੀਆਂ ਦੁਕਾਨਾਂ ਦਾ ਬਕਾਇਆ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ’ਤੇ ਤੜਕੇ ਕਾਰਵਾਈ ਕਰਦਿਆਂ ਨਿਗਮ ਦੇ ਕਮਿਸ਼ਨਰ ਅਜੈ ਸਿੰਘ ਤੋਮਰ ਦੇ ਹੁਕਮਾਂ ’ਤੇ ਖੇਤਰੀ ਕਰ ਨਿਧਾਰਨ ਅਧਿਕਾਰੀ ਅਜੈ ਵਾਲੀਆ ਦੀ ਟੀਮ ਨੇ 8 ਦੁਕਾਨਾਂ ਸੀਲ ਕਰ ਦਿੱਤੀਆਂ। ਟੀਮ ਵਿੱਚ ਸਹਾਇਕ ਦੇਸਰਾਜ, ਨਰਿੰਦਰ, ਸਫਾਈ ਇੰਸਪੈਕਟਰ ਗੋਬਿੰਦ ਸ਼ਰਮਾ, ਬਿੱਟੂ, ਅਜੇਕੁਮਾਰ ਸ਼ਾਮਲ ਸਨ, ਜਿਨ੍ਹਾਂ ਨੇ ਮੀਰਾਬਾਈ ਬਾਜ਼ਾਰ ਦੀਆਂ 8 ਦੁਕਾਨਾਂ ਸੀਲ ਕੀਤੀਆਂ ਹਨ।
ਇਨ੍ਹਾਂ ਦੁਕਾਨਦਾਰਾਂ ’ਤੇ ਨਿਗਮ ਦਾ ਲਗਪਗ 25.80 ਲੱਖ ਰੁਪਏ ਕਿਰਾਇਆ ਬਕਾਇਆ ਸੀ। ਇਸ ਦੌਰਾਨ ਦੁਕਾਨਦਾਰਾਂ ਨੇ ਪਾਰਟ ਪੇਮੈਂਟ ਜਮ੍ਹਾਂ ਕਰਵਾਈ ਤਾਂ ਤਿੰਨ ਦੁਕਾਨਾਂ ਦੀ ਸੀਲ ਨੂੰ ਖੋਲ੍ਹਿਆ ਗਿਆ ਕਾਰਵਾਈ ਤੋਂ ਬਾਅਦ ਦੁਕਾਨਦਾਰ ਇੱਕਠੇ ਹੋ ਕੇ ਮੇਅਰ ਮਦਨ ਚੌਹਾਨ ਨੂੰ ਮਿਲੇ ਤਾਂ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਘੱਟੋ-ਘਟ ਕਿਰਾਏ ਦਾ ਇੱਕ ਤਿਹਾਈ ਹਿੱਸਾ ਜਮ੍ਹਾਂ ਕਰਵਾਉਣ ਲਈ ਆਖਿਆ।
ਨਗਰ ਨਿਗਮ ਦੇ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਬਿਨਾਂ ਕਿਰਾਇਆ ਜਮ੍ਹਾਂ ਕਰਵਾਏ ਖੁਦ ਦੁਕਾਨ ਦੀ ਸੀਲ ਖੋਲ੍ਹੀ ਤਾਂ ਦੁਕਾਨਦਾਰ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।