ਰਤਨ ਸਿੰਘ ਢਿੱਲੋਂ
ਅੰਬਾਲਾ, 19 ਨਵੰਬਰ
ਸ਼ਹਿਰ ਦੇ ਸਰਾਫਾ ਬਾਜ਼ਾਰ ਵਿਚ ਅੱਜ ਇਕ ਸਰਾਫ ਦੇ ਗੰਨਮੈਨ ਦੀ ਬੰਦੂਕ ਵਿੱਚੋਂ ਅਚਾਨਕ ਗੋਲੀ ਚੱਲ ਪਈ। ਇਹ ਗੋਲੀ ਸਿੱਧੀ ਜ਼ਮੀਨ ’ਤੇ ਵੱਜੀ ਅਤੇ ਉਸ ਦੇ ਛੱਰ੍ਹੇ ਬਾਜ਼ਾਰ ਵਿਚੋਂ ਲੰਘ ਰਹੇ ਨਾਹਨ ਹਾਊਸ ਵਾਸੀ 16 ਸਾਲਾਂ ਦੇ ਅਨਮੋਲ ਦੀ ਛਾਤੀ ਅਤੇ ਪੇਟ ਵਿਚ ਲੱਗੇ। ਊਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਸਿਵਲ ਹਸਪਤਾਲ ਵਿਚ ਮੌਜੂਦ ਜ਼ਖ਼ਮੀ ਲੜਕੇ ਦੇ ਚਾਚੇ ਨੇ ਦੱਸਿਆ ਕਿ ਅਨਮੋਲ ਜੱਟਾਂ ਵਾਲੀ ਗਲੀ ਵਿਚ ਸੁਨਿਆਰੇ ਦਾ ਕੰਮ ਸਿੱਖ ਰਿਹਾ ਹੈ। ਸਾਢੇ 11 ਵਜੇ ਦੇ ਕਰੀਬ ਉਹ ਬਾਜ਼ਾਰ ਕਿਸੇ ਕੰਮ ਗਿਆ ਸੀ। ਜਦੋਂ ਊਹ ਵਾਪਸ ਆ ਰਿਹਾ ਸੀ ਤਾਂ ਇਕ ਜਿਊਲਰੀ ਸ਼ਾਪ ਦਾ ਗੰਨਮੈਨ ਆਪਣੀ ਬੰਦੂਕ ਲੋਡ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ ਜਿਸ ਦੇ ਛੱਰ੍ਹੇ ਅਨਮੋਲ ਦੀ ਛਾਤੀ ਅਤੇ ਪੇਟ ਵਿਚ ਲੱਗੇ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਖੁਦ ਅਨਮੋਲ ਨੂੰ ਹਸਪਤਾਲ ਲੈ ਕੇ ਗਏ ਤੇ ਅਜੇ ਤੱਕ ਪੁਲੀਸ ਬਿਆਨ ਲੈਣ ਨਹੀਂ ਪਹੁੰਚੀ ਅਤੇ ਨਾ ਹੀ ਜਿਊਲਰੀ ਸ਼ਾਪ ਦਾ ਕੋਈ ਬੰਦਾ ਆਇਆ ਹੈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ।
ਹਾਦਸਾ ਗੰਨਮੈਨ ਦੀ ਲਾਪ੍ਰਵਾਹੀ ਕਾਰਨ ਵਾਪਰਿਆ: ਸਵਰਨਕਾਰ ਸੰਘ
ਸਵਰਨਕਾਰ ਸੰਘ ਦੇ ਪ੍ਰਧਾਨ ਜੋਗਿੰਦਰ ਵਰਮਾ ਨੇ ਕਿਹਾ ਕਿ ਇਹ ਹਾਦਸਾ ਗੰਨਮੈਨ ਦੀ ਕਥਿਤ ਲਾਪ੍ਰਵਾਹੀ ਦਾ ਨਤੀਜਾ ਹੈ। ਗੋਲੀ ਲੜਕੇ ਦੇ ਆਰ-ਪਾਰ ਵੀ ਲੰਘ ਸਕਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਹਰਿਆਣਾ ਸਰਕਾਰ ਦਾ ਪੁਤਲਾ ਸਾੜਨਗੇ ਅਤੇ ਬਾਜ਼ਾਰ ਵੀ ਬੰਦ ਕਰਵਾਉਣਗੇ।