ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 19 ਅਗਸਤ
ਗੈਂਗਸਟਰ ਮੋਨੂੰ ਰਾਣਾ ਵੱਲੋਂ ਐਮਐਮ ਯੂਨੀਵਰਸਿਟੀ ਮੁਲਾਣਾ ਦੀ ਪਾਰਕਿੰਗ ਦੇ ਕੇਅਰ ਟੇਕਰ ਕੋਲੋਂ ਵਸੂਲੀ ਮੰਗਣ ਤੋਂ ਬਾਅਦ ਅੱਜ ਸ਼ਾਮ ਨੂੰ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਗੋਲੀਆਂ ਚੱਲ ਗਈਆਂ। ਮੋਟਰਸਾਈਕਲ ’ਤੇ ਆਏ ਦੋ ਜਣਿਆਂ ਨੇ ਚਾਰ ਗੋਲੀਆਂ ਚਲਾਈਆਂ ਤੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਡੀਐੱਸਪੀ ਬਰਾੜਾ ਤੇ ਮੁਲਾਣਾ ਥਾਣਾ ਇੰਚਾਰਜ ਮੌਕੇ ’ਤੇ ਪਹੁੰਚ ਗਏ। ਮੋਨੂੰ ਰਾਣਾ ਨੇ 13 ਅਗਸਤ ਨੂੰ ਪਾਰਕਿੰਗ ਕੇਅਰ ਟੇਕਰ ਰਵੀ ਕਸ਼ਿਅਪ ਕੋਲੋਂ 20 ਹਜ਼ਾਰ ਰੁਪਏ ਮੰਗੇ ਸਨ। ਮੋਨੂੰ ਰਾਣਾ ਦਾ ਭਤੀਜਾ ਯੁਵਰਾਜ ਸਿੰਘ ਪੈਸੇ ਲੈਣ ਗਿਆ ਤੇ ਰੁਪਏ ਨਾ ਮਿਲਣ ’ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਚਲਾ ਗਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਪਾਰਕਿੰਗ ’ਚ ਗੋਲੀਆਂ ਚਲਾਈਆਂ ਗਈਆਂ। ਗੈਂਗਸਟਰ ਮੋਨੂੰ ਫ਼ਿਲਹਾਲ ਕੁਰੂਕਸ਼ੇਤਰ ਜੇਲ੍ਹ ’ਚ ਬੰਦ ਹੈ। ਮੁਲਾਣਾ ਥਾਣੇ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੋਨੂੰ ਤੇ ਯੁਵਰਾਜ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।