ਦੇਵਿੰਦਰ ਸਿੰਘ
ਯਮੁਨਾਨਗਰ, 18 ਅਕਤੂਬਰ
ਇੱਥੋਂ ਦੇ ਪਿੰਡ ਬਾਲ ਛੱਪਰ ਵਿੱਚ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਸਰਪੰਚੀ ਦੀ ਉਮੀਦਵਾਰ ਅਨੁਰਾਧਾ ਦੇ ਘਰ ’ਤੇ ਗੋਲੀਆਂ ਚਲਾਈਆਂ। ਗ਼ਨੀਮਤ ਰਹੀ ਕੇ ਪਰਿਵਾਰ ਦੇ ਸਾਰੇ ਜੀਅ ਘਰ ਦੇ ਅੰਦਰ ਸਨ ਇਸ ਕਰ ਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰਿਵਾਰ ਮੁਤਾਬਕ ਇਹ ਹਮਲਾ ਰਾਤ ਦੇ ਕਰੀਬ 11 ਵਜੇ ਕੀਤਾ ਗਿਆ ਸੀ। ਇਸ ਦੌਰਾਨ ਹਮਲਾਵਰਾਂ ਨੇ ਧਮਕੀ ਵੀ ਦਿੱਤੀ ਕਿ ਜੇ ਅਨੁਰਾਧਾ ਸਰਪੰਚੀ ਦੀ ਚੋਣ ਲੜਨ ਤੋਂ ਪਿੱਛੇ ਨਾ ਹਟੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗੋਲੀਆਂ ਚਲਾਉਣ ਤੋਂ ਮੋਟਰਸਾਈਕਲ ਸਵਾਰਾਂ ਨੇ ਪਰਿਵਾਰ ਨੂੰ ਧਮਕੀ ਦੇਣ ਤੋਂ ਇਲਾਵਾ ਹੋਰ ਵੀ ਇਤਰਾਜ਼ਯੋਗ ਸ਼ਬਦਵਲੀ ਵਰਤੀ। ਇਸ ਮਗਰੋਂ ਉਹ ਪਿੰਡ ਪਾਬਨੀ ਵੱਲ ਭੱਜ ਗਏ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਸੀਨ ਆਫ ਕਰਾਈਮ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਥਾਣਾ ਛੱਪਰ ਪੁਲੀਸ ਨੇ ਸਰਪੰਚੀ ਦੀ ਉਮੀਦਵਾਰ ਅਨੁਰਾਧਾ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਅਨੁਰਾਧਾ ਦੇ ਪਤੀ ਲਾਲ ਦਾਸ ਨੇ ਕਿਹਾ ਕਿ ਉਸ ਦੀ ਪਤਨੀ ਸਰਪੰਚੀ ਦੀ ਚੋਣ ਲੜ ਰਹੀ ਹੈ। ਇਸ ਵਾਰ ਅਨੁਸੂਚਿਤ ਜਾਤੀ ਦੇ ਸਰਪੰਚ ਦੇ ਅਹੁਦੇ ਦੀ ਸੀਟ ਉਨ੍ਹਾਂ ਦੇ ਪਿੰਡ ਵਿੱਚ ਰਾਖਵੀਂ ਹੈ। ਸੋਮਵਾਰ ਰਾਤ ਕਰੀਬ 11 ਵਜੇ ਉਹ ਆਪਣੇ ਘਰ ਦੇ ਅੰਦਰ ਗੱਲਾਂ ਕਰ ਰਹੇ ਸਨ। ਇਸ ਦੌਰਾਨ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਅਤੇ ਉਨ੍ਹਾਂ ਨੂੰ ਲਲਕਾਰਦੇ ਹੋਏ ਚੋਣਾਂ ਵਿੱਚ ਨਾ ਖੜ੍ਹੇ ਨਾ ਹੋਣ ਬਾਰੇ ਚਿਤਾਵਨੀ ਦਿੱਤੀ। ਇਸ ਮਗਰੋਂ ਮੋਟਰਸਾਈਕਲ ਪਿੱਛੇ ਬੈਠੇ ਨੌਜਵਾਨ ਨੇ ਪਿਸਤੌਲ ਨਾਲ ਉਨ੍ਹਾਂ ਵੱਲ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਪੰਜ ਗੋਲੀਆਂ ਲੋਹੇ ਦੇ ਗੇਟ ’ਤੇ ਲੱਗੀਆਂ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਨ੍ਹਾਂ ਦੇ ਆਂਢ-ਗੁਆਂਢ ਅਤੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਪਰ ਉਦੋਂ ਤਕ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।