ਪ੍ਰਭੂ ਦਿਆਲ
ਸਿਰਸਾ, 11 ਸਤੰਬਰ
ਕਿਸਾਨ ਸਬੰਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਅਤੇ ਕੱਲ੍ਹ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਹਜ਼ਾਰਾਂ ਕਿਸਾਨਾਂ ਨੇ ਅੱਜ ਹਰਿਆਣਾ ਦੇ ਉਪ ਮੁੱਖ ਮੰਤਰੀ ਦੀ ਕੋਠੀ ਦਾ ਘੇਰਾਓ ਕੀਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਕਿਸਾਨਾਂ ਖੇਤੀ ਸਬੰਧੀ ਆਰਡੀਨੈਂਸ ਰੱਦ ਨਾ ਕਰਵਾਏ ਤੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ ਨਾ ਕਰਵਾਇਆ ਤਾਂ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਹਰਿਆਣਾ ਦੇ ਕਿਸੇ ਪਿੰਡ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਖੇਤੀ ਸਬੰਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਪਿਪਲੀ ਮਹਾਂਰੈਲੀ ’ਤੇ ਜਾਂਦੇ ਕਿਸਾਨਾਂ ’ਤੇ ਬੀਤੇ ਕੱਲ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਅੱਜ ਸਿਰਸਾ ਵਿੱਚ ਸਥਿਤ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕੋਠੀ ਦਾ ਘੇਰਾਓ ਕੀਤਾ। ਕਿਸਾਨਾਂ ਨੇ ਮੰਗ ਕੀਤੀ ਕਿ ਜੇ ਦੁਸ਼ਿਅੰਤ ਚੌਟਾਲਾ ਅਸਲੀ ਤਾਊ ਦੇਵੀ ਲਾਲ ਦੇ ਰਾਜਸੀ ਵਾਰਸ ਹਨ ਤਾਂ ਉਹ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਪੰਜਾਬ ਦੀ ਤਰ੍ਹਾਂ ਹਰਿਆਣਾ ਵਿਧਾਨ ਸਭਾ ਵਿੱਚ ਆਰਡੀਨੈਂਸਾਂ ਦੇ ਖ਼ਿਲਾਫ਼ ਮਤਾ ਪਾਸ ਕਰਵਾਉਣ। ਬਾਅਦ ਵਿੱਚ ਕਿਸਾਨਾਂ ਨੇ ਆਪਣੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਮਿੰਨੀ ਸਕੱਤਰੇਤ ’ਚ ਬੇਮਿਆਦੀ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨਾਲ ਆਸ਼ਾ ਵਰਕਰ ਤੇ ਪੀਟੀਆਈ ਅਧਿਆਪਕ ਵੀ ਸ਼ਾਮਲ ਸਨ।