ਦਵਿੰਦਰ ਸਿੰਘ
ਯਮੁਨਾਨਗਰ, 12 ਮਾਰਚ
ਸਰਕਾਰੀ ਪ੍ਰਾਈਮਰੀ ਅਧਿਆਪਕ ਸੰਘ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੇ ਨਿਵਾਸ ਦਾ ਅੱਜ ਘਿਰਾਓ ਕੀਤਾ ਗਿਆ। ਇਸ ਤੋਂ ਪਹਿਲਾਂ ਹਰਿਆਣਾ ਦੇ ਜੇਬੀਟੀ ਅਧਿਆਪਕ ਅਨਾਜ ਮੰਡੀ ਜਗਾਧਰੀ ਵਿੱਚ ਇਕੱਠੇ ਹੋਏ ਤੇ ਰੈਲੀ ਦੀ ਸ਼ਕਲ ਵਿੱਚ ਸਿੱਖਿਆ ਮੰਤਰੀ ਦੇ ਨਿਵਾਸ ਦਾ ਘਿਰਾਓ ਕਰਨ ਪਹੁੰਚੇ। ਅਧਿਆਪਕਾਂ ਨੇ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂ ਇੱਕ ਯਾਦ ਪੱਤਰ ਐਸਡੀਐਮ ਜਗਾਧਰੀ ਨੂੰ ਸੌਂਪਿਆ। ਸੰਘ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਸਰਕਾਰ ਕਰਮਚਾਰੀ ਵਿਰੋਧੀ ਨੀਤੀਆਂ ਅਪਣਾ ਕੇ ਕਰਮਚਾਰੀਆਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ ਜਿਸ ਦਾ ਪ੍ਰਾਈਮਰੀ ਅਧਿਆਪਕ ਸੰਘ ਵਿਰੋਧ ਕਰਦਾ ਹੈ ਜਦਕਿ ਸੂਬਾ ਜਨਰਲ ਸੱਕਤਰ ਤਰੁਣ ਸੁਹਾਗ ਦਾ ਕਹਿਣਾ ਸੀ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀ ਅਤੇ ਅਧਿਆਪਕ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਨੀਤੀ ਅਧੀਨ ਸਕੂਲਾਂ ਨੂੰ ਆਪਸ ਵਿੱਚ ਮਿਲਾਉਣਾ, ਆਂਗਣਵਾੜੀ ਵਰਕਰਾਂ ਅਤੇ ਸਿੱਖਿਆ ਵਾਲੰਟੀਅਰਾਂ ਦਾ ਸਕੂਲਾਂ ਵਿੱਚ ਪ੍ਰਵੇਸ਼ ਅਤੇ ਸਿੱਖਿਆ ਦੇ ਖੇਤਰ ਵਿੱਚ ਨਿੱਜੀਕਰਨ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 20 ਵਿਦਿਆਰਥੀ ’ਤੇ ਇੱਕ ਟੀਚਰ ਮੁਹੱਈਆ ਕਰਵਾਇਆ ਜਾਵੇ, ਨਵੀਂ ਪੈਨਸ਼ਨ ਸਕੀਮ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, 2017 ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਸਥਾਈ ਜ਼ਿਲ੍ਹਿਆਂ ਵਿੱਚ ਨਿਯੁਕਤ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਤਰੱਕੀਆਂ ਬਹਾਲ ਕੀਤੀਆਂ ਜਾਣ। ਸੂਬਾ ਵਿੱਤ ਸਕੱਤਰ ਸਤੀਸ਼ ਵਤਸ ਨੇ ਕਿਹਾ ਕਿ ਟੀਚਰਾਂ ਕੋਲੋਂ ਨਾਨ ਟੀਚਿੰਗ ਕਰਮਚਾਰੀਆਂ ਵਾਲਾ ਕੰਮ ਲੈਣਾ ਬੰਦ ਕੀਤਾ ਜਾਵੇ, ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ ਜਾਣ, ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਆਵੇ, ਇਸ ਲਈ ਟੀਚਰ ਟ੍ਰੇਨਿੰਗ ਦਾ ਕੰਮ ਦਸੰਬਰ ਤੋਂ ਪਹਿਲਾਂ ਕਰਵਾਇਆ ਜਾਵੇ, ਸਕੂਲਾਂ ਦੀ ਗਰਾਂਟ ਸਿੱਧੀ ਐਸਐਮਸੀ ਖਾਤੇ ਵਿੱਚ ਪਾਈ ਜਾਵੇ। ਇਸ ਮੌਕੇ ਵਿਨੋਦ ਠਾਕਰਾਨ, ਦੇਵਿੰਦਰ ਦਹੀਆ, ਸੁਰੇਸ਼ ਲਿਤਾਨੀ, ਮੋਨਿਕਾ ਸ਼ਰਮਾ, ਕੁਲਵੰਤ ਸਿੰਘ, ਜੈ ਭਗਵਾਨ ਵਡਾਲਾ, ਭੁਪਿੰਦਰ ਚਾਹਰ, ਸੁਧੀਰ ਦਲਾਲ, ਜਗਦੀਸ਼ ਸੋਨੂੰ, ਗੋਪੀਚੰਦ, ਯਸ਼ਪਾਲ ਯਾਦਵ ਨੇ ਵੀ ਵਿਚਾਰ ਪੇਸ਼ ਕੀਤੇ।