ਪੱਤਰ ਪ੍ਰੇਰਕ
ਫਰੀਦਾਬਾਦ, 2 ਅਕਤੂਬਰ
ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖਰੀ ਦੌਰ ਵਿੱਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਚੋਣ ਪਿੜ ਭਖਾ ਦਿੱਤਾ ਹੈ। ਸੈਕਟਰ 21-ਸੀ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਦੀ ਪਤਨੀ ਵੈਨੁਕਾ ਪ੍ਰਤਾਪ ਖੁੱਲਰ ਨੇ ਮੀਟਿੰਗ ਕੀਤੀ ਅਤੇ ਪਤੀ ਲਈ ਵੋਟਾਂ ਮੰਗੀਆਂ। ਇਸ ਦੌਰਾਨ ਸਿੱਖ ਭਾਈਚਾਰੇ ਵੱਲੋਂ ਬੁਲਾਈ ਮੀਟਿੰਗ ਦੌਰਾਨ ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਵੈਨੁਕਾ ਖੁੱਲਰ ਨੇ ਸਭ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਸੁਰਿੰਦਰ ਸਿੰਘ, ਅਨਿਲ ਅਰੋੜਾ, ਰਵਿੰਦਰ ਸਿੰਘ ਵਿਰਦੀ, ਬਲਜੀਤ ਸਿੰਘ, ਤਰਲੋਚਨ ਸਿੰਘ, ਬਹਾਦਰ ਸਿੰਘ, ਭੁਪਿੰਦਰ ਸਿੰਘ ਸਮੇਤ ਅਵਿਨਾਸ਼ ਕੌਰ ਪਾਲੀ ਨੇ ਸ਼ਿਰਕਤ ਕੀਤੀ। ਸੁਰਿੰਦਰ ਸਿੰਘ ਓਬਰਾਏ ਨੇ ਦੱਸਿਆ ਕਿ ਸੈਕਟਰ 21 ਨੂੰ ਵਸਾਉਣ, ਇੱਥੇ ਬੁਨਿਆਦੀ ਸਹੂਲਤਾਂ ਲਈ ਢਾਂਚਾ ਕਾਇਮ ਕਰਨ ਸਣੇ ਬਹੁਤ ਸਾਰੇ ਕੰਮ ਮਹਿੰਦਰ ਪ੍ਰਤਾਪ ਸਿੰਘ ਵੇਲੇ ਹੋਏ ਸਨ। ਇਸ ਮੌਕੇ ਵੈਨੁਕਾ ਪ੍ਰਤਾਪ ਖੁੱਲਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਮੰਤਰੀ ਦਾ ਅਹੁਦਾ ਬੜਖਲ ਹਲਕੇ ਨੂੰ ਦਿਵਾਉਣਾ ਹੈ। ਉਨ੍ਹਾ ਬੀਤੇ ਦੋ ਹਫ਼ਤਿਆਂ ਤੋਂ ਸਿੱਖ ਭਾਈਚਾਰੇ ਨਾਲ ਕਈ ਮੀਟਿੰਗਾਂ ਕੀਤੀਆਂ ਤੇ ਸਮਰਥਨ ਹਾਸਲ ਕੀਤਾ ਹੈ।