ਜਗਤਾਰ ਸਮਾਲਸਰ
ਏਲਨਾਬਾਦ, 11 ਜੂਨ
ਸਥਾਨਕ ਗੁਰਦੁਆਰਾ ਸਿੰਘ ਸਭਾ ਏਲਨਾਬਾਦ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਗੁਰਜੀਤ ਸਿੰਘ ਔਲਖ ਅਤੇ ਪਿੰਡ ਅੰਮ੍ਰਿਤਸਰ ਖੁਰਦ ਦੀ ਸੰਗਤ ਨੇ ਮਿਲਖਾ ਸਿੰਘ, ਗੁਰਲਾਲ ਸਿੰਘ, ਜਥੇਦਾਰ ਸੰਤੋਖ ਸਿੰਘ ਦੀ ਅਗਵਾਈ ਵਿੱਚ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਮਧਾਰੀ ਅਤੇ ਸਿੱਖ ਭਾਈਚਾਰੇ ਵਿਚਕਾਰ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਦੀ ਮੰਗ ਕੀਤੀ।
ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸਿਰਸਾ ਦੇ ਪਿੰਡ ਅੰਮ੍ਰਿਤਸਰ ਖੁਰਦ ਵਿੱਚ ਗੁਰਦੁਆਰਾ ਸੱਚਖੰਡ ਸਾਹਿਬ ਵਿੱਚ ਨਾਮਧਾਰੀ ਭਾਈਚਾਰੇ ਵੱਲੋਂ ਨਾਮਧਾਰੀ ਮਰਿਆਦਾ ਨੂੰ ਅਪਣਾਇਆ ਜਾ ਰਿਹਾ ਹੈ ਜਦੋਂਕਿ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਵਿੱਚ ਵਿਸ਼ਵਾਸ ਰੱਖਦੀ ਹੈ। ਇਹ ਵਿਵਾਦ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਿਹਾ ਹੈ। ਸੰਗਤ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਸੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ 18 ਅਪਰੈਲ 2022 ਨੂੰ ਇੱਕ ਪੱਤਰ ਰਾਹੀਂ ਗੁਰਦੁਆਰਾ ਸੱਚਖੰਡ ਸਾਹਿਬ ਅੰਮ੍ਰਿਤਸਰ ਖੁਰਦ ਵਿੱਚ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਸੀ। ਸੰਗਤ ਨੇ ਕਿਹਾ ਕਿ ਨਾਮਧਾਰੀ ਭਾਈਚਾਰੇ ਦੇ ਲੋਕ ਭਾਵੇਂ ਕਿਸੇ ਨੂੰ ਵੀ ਗੁਰੂ ਮੰਨਣ, ਕੋਈ ਇਤਰਾਜ਼ ਨਹੀਂ ਹੈ ਪਰ ਇਸ ਗੁਰਦੁਆਰੇ ਦੀ ਮਰਿਆਦਾ ਵਿੱਚ ਦਖ਼ਲ-ਅੰਦਾਜ਼ੀ ਕਰ ਕੇ ਗੁਰ ਮਰਿਆਦਾ ਨੂੰ ਭੰਗ ਨਾ ਕਰਨ।
ਇਸ ਮੌਕੇ ਮਿਲਖਾ ਸਿੰਘ, ਗੁਰਲਾਲ ਸਿੰਘ, ਸੰਤੋਖ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ, ਰਣਧੀਰ ਸਿੰਘ, ਰਾਮ ਸਿੰਘ, ਰਤਨ ਸਿੰਘ, ਨਾਨਕ ਸਿੰਘ, ਮਲਕੀਤ ਸਿੰਘ, ਪ੍ਰਗਟ ਸਿੰਘ ਆਦਿ ਨੇ ਜਥੇਦਾਰ ਦਾਦੂਵਾਲ ਨੂੰ ਮੰਗ ਪੱਤਰ ਸੌਂਪਿਆ।
ਜਥੇਦਾਰ ਦਾਦੂਵਾਲ ਨੇ ਆਖਿਆ ਕਿ ਨਾਮਧਾਰੀ ਭਾਈਚਾਰੇ ਦੇ ਲੋਕ ਵੀ ਸਾਡੇ ਭਰਾ ਹਨ ਜਲਦੀ ਹੀ ਦੋਵਾਂ ਧਿਰਾਂ ਨੂੰ ਆਹਮਣੇ-ਸਾਹਮਣੇ ਬਿਠਾਕੇ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ।
ਜਥੇਦਾਰ ਦਾਦੂਵਾਲ ਤਲਵੰਡੀ ਸਾਬੋ ਪੁੱਜੇ
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਸਥਾਨਕ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਵਿੱਚ ਬੀਤੇ ਦਿਨ ਗੁਰੂ ਗ੍ਰੰਥ ਸਾਹਿਬ ਦੇ ਚਾਰ ਪਾਵਨ ਸਰੂਪ ਅਗਨ ਭੇਟ ਹੋਣ ਕਰ ਕੇ ਸਿੱਖ ਸੰਗਤ ਵਿੱਚ ਪਾਏ ਜਾ ਰਹੇ ਰੋਸ ਦੇ ਮੱਦੇਨਜ਼ਰ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਗੁਰਦੁਆਰਾ ਸਾਹਿਬ ਪੁੱਜੇ। ਉਨ੍ਹਾਂ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੋਂ ਜਾਣਕਾਰੀ ਕੀਤੀ। ਸ੍ਰੀ ਦਾਦੂਵਾਲ ਨੇ ਗੁਰਦੁਆਰਾ ਕਮੇਟੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ।