ਪੱਤਰ ਪ੍ਰੇਰਕ
ਫਰੀਦਾਬਾਦ, 2 ਨਵੰਬਰ
ਹਰਿਆਣਾ ਦੇ ਸਨਅਤੀ ਸ਼ਹਿਰ ਵਿੱਚ ਵੱਖ-ਵੱਖ ਸਿੰਘ ਸਭਾਵਾਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮਨਾਉਣ ਦੀਆਂ ਦੀਆਂ ਤਿਆਰੀਆਂ ਵਿੱਚ ਜੁਟ ਗਈਆਂ ਹਨ। ਸਿੰਘ ਸਭਾਵਾਂ ਵੱਲੋਂ ਇਸ ਵਾਰ ਅੱਠ ਨਵੰਬਰ ਤੋਂ ਪਹਿਲਾਂ ਤੇ ਗੁਰਪੁਰਬ ਵਾਲੇ ਦਿਨ ਧਾਰਮਿਕ ਸਮਾਗਮ ਉਲੀਕੇ ਗਏ ਹਨ। ਸਿੰਘ ਸਭਾ ਸੈਕਟਰ-15 ਦੀ ਪ੍ਰਧਾਨ ਸ੍ਰੀਮਤੀ ਰਾਣਾ ਭੱਟੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਨਗਰ ਕੀਰਤਨ ਸਜਾਉਣ ਦੀ ਤਿਆਰੀ ਕਰ ਲਈ ਹੈ। ਸਨਅਤਕਾਰ ਐੱਸ.ਐੱਸ ਬਾਂਗਾ ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਸਿੰਘ ਸਭਾਵਾਂ ਦਾ ਆਪਸੀ ਤਾਲ-ਮੇਲ ਬਣਿਆ ਹੋਇਆ ਹੈ। ਜਤਿੰਦਰ ਕੌਰ ਰੂਬੀ ਨੇ ਦੱਸਿਆ ਕਿ ਨਾਮੀਂ ਕੀਰਤਨੀਏ ਗੁਰਪੁਰਬ ਮੌਕੇ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਗੁਰਿੰਦਰ ਸਿੰਘ ਆਹੂਜਾ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਪੁਰਬ ਬਹੁਤ ਅਹਿਮ ਹੁੰਦਾ ਹੈ ਤੇ ਕੌਮਾਂਤਰੀ ਪੱਧਰ ਉਪਰ ਮਨਾਇਆ ਜਾਂਦਾ ਹੈ। ਅਮਰਜੀਤ ਸਿੰਘ ਮੁਤਾਬਕ ਨਵੀਂ ਪਨੀਰੀ ਅਜਿਹੇ ਸਮਾਗਮਾਂ ਤੋਂ ਆਪਣੇ ਵਿਰਸੇ ਤੋਂ ਜਾਣੂ ਹੁੰਦੀ ਹੈ। ਨਵਜੀਤ ਸਿੰਘ ਬਿੰਦਰਾ ਨੇ ਕਿਹਾ ਕਿ ਸ਼ਹਿਰ ਵਿੱਚ ਸੈਕਟਰਾਂ ਵਾਲੇ ਇਲਾਕੇ ਅਤੇ ਐੱਨਆਈਟੀ ਦੇ ਇਲਾਕੇ ਦੀਆਂ ਸਿੰਘ ਸਭਾਵਾਂ ਵੱਲੋਂ ਵੀ ਨਗਰ ਕੀਰਤਨ ਸਾਂਝੇ ਤੌਰ ਉਪਰ ਕੱਢੇ ਜਾਣਗੇ। ਸੁਖਦੇਵ ਸਿੰਘ ਖ਼ਾਲਸਾ (ਪੰਜਾਬੀ ਕਲੋਨੀ) ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੇ-ਛੋਟੇ ਮਿਲਾ ਕੇ 100 ਤੋਂ ਵੱਧ ਗੁਰਦੁਆਰੇ ਹਨ, ਜਿਥੇ ਸ਼ਰਧਾ ਨਾਲ ਗੁਰਪੁਰਬ ਮਨਾਇਆ ਜਾਵੇਗਾ।