ਪ੍ਰਭੂ ਦਿਆਲ
ਸਿਰਸਾ, 16 ਜਨਵਰੀ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਲਈ ਅੱਜ ਦਾ ਦਿਨ ਇਤਿਹਾਸਿਕ ਹੈ। ਸੂਬੇ ਵਿੱਚ 15 ਜਨਵਰੀ ਦੀ ਅੱਧੀ ਰਾਤ ਤੋਂ ਨਿੱਜੀ ਖੇਤਰਾਂ ਵਿੱਚ 75 ਫੀਸਦੀ ਕੋਟਾ ਦਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਲਾਗੂ ਹੋਣ ਨਾਲ ਸੂਬੇ ਦੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ। ਕਿਰਤ ਵਿਭਾਗ ਵੱਲੋਂ ਪੋਰਟਲ ਬਣਾਇਆ ਗਿਆ ਹੈ ਤੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ। ਕੰਪਨੀਆਂ ਤੇ ਨਿੱਜੀ ਅਦਾਰਿਆਂ ਨੂੰ ਆਪਣੇ ਅਦਾਰਿਆਂ ਵਿੱਚ ਆਸਾਮੀਆਂ ਬਾਰੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਸਰਕਾਰ ਇਸ ’ਤੇ ਲਗਾਤਾਰ ਨਿਗਰਾਨੀ ਰੱਖੇਗੀ। ਉਹ ਅੱਜ ਇਥੇ ਸਿਰਸਾ ਕਲੱਬ ਵਿੱਚ ਡੇਢ ਕਰੋੜ ਰੁਪਏ ਨਾਲ ਬਣੇ ਭਵਨ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁੜ ਤੋਂ ਅੰਦੋਲਨ ਕਰਨ ਦੀ ਦਿੱਤੀ ਚਿਤਾਵਨੀ ਸਬੰਧੀ ਉਨ੍ਹਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਚੋਣਾਂ ਤਾਂ ਲੜ ਲੈਣ ਫਿਰ ਧਰਨਾ ਦੇਣ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਮੰਸ਼ਾ ਸਾਫ ਹੋ ਗਈ ਸੀ ਕਿ ਉਹ ਸਿਰਫ ਚੋਣਾਂ ਲੜਣਾ ਚਾਹੁੰਦੇ ਹਨ। ਹੁਣ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੀ ਥਾਂ ’ਤੇ ਸੰਯੁਕਤ ਸਮਾਜ ਮੋਰਚਾ ਬਣਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਅੰਦੋਲਨ ਰਾਜਨੀਤੀ ਚਮਕਾਉਣ ਦੇ ਲਈ ਸੀ। ਲੋੜ ਪਈ ਤਾਂ ਉਹ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਕਰਨ ਲਈ ਜਾਣਗੇ। ਇਸ ਮੌਕੇ ’ਤੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਤੋਂ ਇਲਾਵਾ ਸਿਰਸਾ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਵੀ ਮੌਜੂਦ ਸਨ।