ਪ੍ਰਭੂ ਦਿਆਲ
ਸਿਰਸਾ, 7 ਮਈ
ਬਿਜਲੀ, ਪਾਣੀ ਦੀ ਮੰਗ ਨੂੰ ਲੈ ਕੇ ਬਿਜਲੀ ਮੰਤਰੀ ਦਾ ਘਿਰਾਓ ਕਰਨ ਜਾਂਦੇ ਆਪ ਵਰਕਰ ਬਾਬਾ ਭੂਮਣ ਸ਼ਾਹ ਚੌਕ ’ਤੇ ਲਾਏ ਬੈਰੀਕੇਡ ਤੋੜ ਕੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਘਰ ਅੱਗੇ ਪਹੁੰਚ ਗਏ, ਜਿਥੇ ਪੁਲੀਸ ਨੇ ਮੁੜ ਤੋਂ ਬੈਰੀਕੋਡ ਲਾ ਕੇ ਉਨ੍ਹਾਂ ਨੂੰ ਰੋਕ ਲਿਆ। ਕਾਫੀ ਦੇਰ ਤੱਕ ਸਥਿਤੀ ਤਣਾਅ ਪੂਰਣ ਬਣੀ ਰਹੀ। ਇਸ ਦੌਰਾਨ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਕਰਨ ਤੇ ਦੰਗਾ ਰੋਕੂ ਗੱਡੀਆਂ ਵੀ ਮੰਗਵਾ ਲਈਆਂ ਸਨ। ਬਿਜਲੀ ਪਾਣੀ ਦੀ ਮੰਗ ਨੂੰ ਲੈ ਕੇ ਅੱਜ ਆਪ ਕਾਰਕੁਨ ਸ਼ਾਹੀਦ ਭਗਤ ਸਿੰਘ ਸਟੇਡੀਅਮ ਇਕੱਠੇ ਹੋਏ ਜਿਥੋਂ ਉਹ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਦਾ ਘਿਰਾਓ ਕਰਨ ਲਈ ਪ੍ਰਦਰਸ਼ਨ ਕਰਦੇ ਹੋਏ ਬਾਬਾ ਭੂਮਣ ਸ਼ਾਹ ਚੌਕ ਪਹੁੰਚੇ। ਬਾਬਾ ਭੂਮਣ ਸ਼ਾਹ ਚੌਕ ’ਤੇ ਪੁਲੀਸ ਨੇ ਆਪ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਬੈਰੀਕੇਡ ਤੋੜਦੇ ਹੋਏ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਨਿਵਾਸ ਅੱਗੇ ਪਹੁੰਚ ਗਏ। ਦੁਸ਼ਿਅੰਤ ਚੌਟਾਲਾ ਦੇ ਘਰ ਅੱਗੇ ਪਹੁੰਚਣ ’ਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ। ਤੁਰੰਤ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਕਰਨ ਵਾਲੀਆਂ ਗੱਡੀਆਂ ਦੇ ਦੰਗਾ ਰੋਕੂ ਵਾਹਨ ਮੰਗਵਾ ਲਏ। ਕਾਫੀ ਦੇਰ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ।
ਆਪ ਆਗੂ ਹਰਿਆਣਾ ਦੇ ਬਿਜਲੀ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਬਾਜ਼ਿੱਦ ਸਨ। ਕਾਫੀ ਦੇਰ ਤੱਕ ਵਰਕਰਾਂ ਤੇ ਆਗੂਆਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਲਦੀ ਬਿਜਲੀ ਦੀ ਸਪਲਾਈ ’ਚ ਸੁਧਾਰ ਨਾ ਹੋਇਆ ਤਾਂ ਉਹ ਪੂਰੇ ਹਰਿਆਣਾ ਵਿੱਚ ਤਿੱਖਾ ਅੰਦੋਲਨ ਕਰਨਗੇ। ਇਸ ਮੌਕੇ ’ਤੇ ਕੁਲਦੀਪ ਗਦਰਾਣਾ, ਜੀਪੀਐੱਸ ਕਿੰਗਰਾ, ਵਰਿੰਦਰ ਕੁਮਾਰ ਤੇ ਦਰਸ਼ਨ ਕੌਰ ਸਮੇਤ ਅਨੇਕ ਕਾਰਕੁਨ ਤੇ ਆਗੂ ਮੌਜੂਦ ਸਨ।