ਪ੍ਰਭੂ ਦਿਆਲ
ਸਿਰਸਾ, 21 ਨਵੰਬਰ
ਇਥੋਂ ਦੇ ਪੰਚਾਇਤ ਭਵਨ ’ਚ ਸਾਹਿਤ ਤੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ਸੰਵਾਦ ਵੱਲੋਂ ਛਤਰਪਤੀ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਲ 2021 ਦਾ ਛਤਰਤਪਤੀ ਸਨਮਾਨ ਉੱਘੇ ਪੱਤਰਕਾਰ ਅਭਿਸਾਰ ਸ਼ਰਮਾ ਨੂੰ ਦਿੱਤਾ ਗਿਆ। ਇਹ ਸਮਾਗਮ ਸਮਾਜ ਕਾਰਜਾਂ ਨੂੰ ਸਮਰਪਿਤ ਸੁਤੰਤਰ ਭਾਰਤੀ, ਵਿਨੋਦ ਕੱਕੜ ਤੇ ਭਾਰਤ ਭੂਸ਼ਣ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਤੇ ਕਿਸਾਨ ਆਗੂ ਸਵਰਨ ਸਿੰਘ ਵਿਰਕ, ਸੰਵਾਦ ਦੇ ਬਾਨੀ ਪਰਮਾਨੰਦ ਸ਼ਾਸਤਰੀ ਤੇ ਹਰਭਗਵਾਨ ਚਾਵਲਾ ਨੇ ਸਾਂਝੇ ਤੌਰ ’ਤੇ ਕੀਤੀ। ਸਮਾਗਮ ਦੌਰਾਨ ‘ਜ਼ਮੀਨੀ ਪੱਤਰਕਾਰੀ ਨੂੰ ਚੁਣੌਤੀਆਂ’ ਵਿਸ਼ੇ ’ਤੇ ਅਭਿਸਾਰ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸ੍ਰੀ ਸ਼ਰਮਾ ਨੇ ਕਿਹਾ ਕਿ ਸਮਾਜ ਦੇ ਹਾਸ਼ੀਏ ’ਤੇ ਆਏ ਲੋਕਾਂ ਦੀ ਮਦਦ ਕਰਨਾ ਹੀ ਸੱਚੀ ਪੱਤਰਕਾਰੀ ਹੈ। ਆਮ ਲੋਕਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਥੇ ਅਜਿਹੇ ਪੱਤਰਕਰਾਂ ’ਤੇ ਸਰਕਾਰਾਂ ਦਾ ਦਬਾਅ ਹੁੰਦਾ ਹੈ ਉਥੇ ਹੀ ਕਈ ਹੋਰ ਗਰੋਹ ਵੀ ਪੱਤਰਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ ਅਨੇਕਾਂ ਪੱਤਰਕਾਰਾਂ ਮਿਸਾਲ ਦਿੱਤੀ ਜਿਨ੍ਹਾਂ ’ਤੇ ਝੂਠੇ ਕੇਸ ਦਰਜ ਹੋਏ ਹਨ ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਡਾ. ਹਰਵਿੰਦਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਸੁਰਜੀਤ ਸਿੰਘ ਸਿਰੜੀ ਨੇ ਅਭਿਸਾਰ ਸ਼ਰਮਾ ਦੀ ਜਾਣ ਪਛਾਣ ਕਰਵਾਈ।
ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਪੱਤਰਕਾਰ ਆਪਣੇ ਪਿਤਾ ਦੇ ਜੀਵਨ ਅਤੇ ਅਦਾਲਤ ਵਿੱਚ ਕੇਸ ਲੜੇ ਜਾਣ ਵਾਲੇ ਆਈਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਪੰਜਾਬ ਤੋਂ ਬਲਤੇਜ ਪੰਨੂ ਨੇ ਵੀ ਆਪਣੇ ਵਿਚਾਰ ਰੱਖੇ। ਵਰਿੰਦਰ ਭਾਟੀਆ ਨੇ ਸੰਖੇਪ ’ਚ ਆਪਣੇ ਵਿਚਾਰ ਪ੍ਰਗਟ ਕੀਤੇ ’ਤੇ ਪੂਰਾ ਸੱਚ ਅਖ਼ਬਾਰ ’ਚ ਲਿਖੇ ਲੇਖਾਂ ਉੱਤੇ ਰੋਸ਼ਨੀ ਪਾਈ। ਇਸ ਦੌਰਾਨ ‘ਦੇਸ਼ ਹਰਿਆਣਾ ਪਤ੍ਰਿਕਾ’ ਦਾ ਤਾਜ਼ਾ ਅੰਕ ਜਾਰੀ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕਾਮਰੇਡ ਸਵਰਨ ਸਿੰਘ ਵਿਰਕ ਨੇ ਕਿਸਾਨ ਅੰਦੋਲਨ ਦੀ ਜਿੱਤ ਦਾ ਸਵਾਗਤ ਕਰਦਿਆਂ ਕਿਹਾ ਕਿ ਹਾਲੇ ਨਾ ਤਾਂ ਕਿਸਾਨਾਂ ਦੀ ਲੜਾਈ ਖ਼ਤਮ ਹੋਈ ਹੈ ਤੇ ਨਾ ਹੀ ਸਮਾਜ ਦੇ ਦਬੇ ਕੁਚਲੇ ਲੋਕਾਂ ਦੀ। ਮੰਚ ਸੰਚਾਲਨ ਹਰਭਗਵਾਨ ਚਾਵਲਾ ਨੇ ਕੀਤਾ।