ਪ੍ਰਭੂ ਦਿਆਲ
ਸਿਰਸਾ, 20 ਅਗਸਤ
ਪਸ਼ੂਆਂ ’ਚ ਲੰਪੀ ਚਮੜੀ ਰੋਗ ਦੇ ਦਿਨੋਂ ਦਿਨ ਵੱਧਣ ਨਾਲ ਪਸ਼ੂ ਪਾਲਕਾਂ ’ਚ ਜਿਥੇ ਚਿੰਤਾ ਵੱਧ ਰਹੀ ਹੈ ਉਥੇ ਹੀ ਰਾਜਸਥਾਨ ਤੋਂ ਪਸ਼ੂ ਚਰਾਉਣ ਲਈ ਆਏ ਪਸ਼ੂ ਪਾਲਕ ਡਰੇ ਹੋਏ ਹਨ। ਲੰਪੀ ਚਮੜੀ ਰੋਗ ਨੂੰ ਵੱਧਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਥੇ ਅੰਤਰਰਾਜੀ ਪਸ਼ੂਆਂ ਦੇ ਲਿਆਉਣ ਲੈਜਾਣ ’ਤੇ ਪਾਬੰਦੀ ਲਾਈ ਹੈ ਉਥੇ ਹੀ ਪਸ਼ੂਆਂ ਨੂੰ ਟੀਕੇ ਲਗਾਉਣ ਦੇ ਕੰਮ ’ਚ ਹੋਰ ਤੇਜ਼ੀ ਲਿਆਂਦੀ ਹੈ। ਜ਼ਿਲ੍ਹੇ ਵਿੱਚ 60 ਪਸ਼ੂ ਹਸਪਤਾਲ ਤੇ 168 ਪਸ਼ੂ ਡਿਸਪੈਂਸਰੀਆਂ ਦੇ ਸਹਾਰੇ ਪਸ਼ੂਆਂ ਦੇ ਇਲਾਜ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਂਝ ਕਿਸਾਨ ਪਸ਼ੂਆਂ ਦਾ ਇਲਾਜ ਨਿੱਜੀ ਡਾਕਟਰਾਂ ਤੋਂ ਆਪਣੇ ਪੱਧਰ ’ਤੇ ਵੀ ਕਰਵਾ ਰਹੇ ਹਨ।
ਰਾਜਸਥਾਨ ਤੋਂ ਇਥੇ ਪਸ਼ੂਆਂ ਲਿਆ ਕੇ ਗੁਜ਼ਾਰਾ ਕਰ ਰਹੇ ਕਾਲੂ ਰਾਮ, ਤੇਜਾ ਰਾਮ ਤੇ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਉਹ ਕਈ ਸਾਲਾਂ ਤੋਂ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਤੋਂ ਇਥੇ ਗਊਆਂ ਲਿਆ ਰਹੇ ਹਨ। ਉਨ੍ਹਾਂ ਕੋਲ ਕਰੀਬ ਸਾਢੇ ਚਾਰ ਸੌ ਗਊਆਂ ਹਨ, ਜਿਨ੍ਹਾਂ ’ਚੋਂ ਪੰਜਾਹ ਤੋਂ ਵੱਧ ਗਊਆਂ ਬਿਮਾਰ ਹਨ ਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਇਲਾਜ ਦੇ ਬਾਵਜੂਦ ਗਊਆਂ ਦੀ ਬਿਮਾਰੀ ਠੀਕ ਨਹੀਂ ਹੋ ਰਹੀ ਹੈ। ਗਊਆਂ ਦੇ ਮਰਨ ਤੇ ਉਨ੍ਹਾਂ ਦੇ ਇਲਾਜ ’ਤੇ ਹੋ ਰਹੇ ਖਰਚ ਕਾਰਨ ਉਨ੍ਹਾਂ ਨੂੰ ਲਗਾਤਾਰ ਆਰਥਿਕ ਨੁਕਸਾਨ ਹੋ ਰਿਹਾ ਹੈ ਤੇ ਹੁਣ ਪਿੰਡਾਂ ਦੇ ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਰਾਤ ਨਹੀਂ ਰੁਕਣ ਦਿੰਦੇ। ਪਿੰਡਾਂ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਇਹ ਬਿਮਾਰੀ ਰਾਜਸਥਾਨ ਦੇ ਪਸ਼ੂ ਪਾਲਕਾਂ ਦੇ ਕਾਰਨ ਇਥੇ ਫੈਲ ਰਹੀ ਹੈ, ਜਿਸ ਕਾਰਨ ਰਾਜਸਥਾਨ ਦੇ ਪਸ਼ੂ ਪਾਲਕਾਂ ’ਚ ਡਰ ਦਾ ਮਾਹੌਲ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਸ਼ੂਆਂ ਦੇ ਅੰਤਰਰਾਜੀ ਲੈ ਆਉਣ ਤੇ ਲੈ ਜਾਣ ’ਤੇ ਪਾਬੰਦੀ ਲਾ ਦਿੱਤੀ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਦੱਸਿਆ ਹੈ ਕਿ ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਜਿਹੜੇ ਪਸ਼ੂਆਂ ਨੂੰ ਲੰਪੀ ਬਿਮਾਰੀ ਹੋ ਗਈ ਹੈ, ਉਨ੍ਹਾਂ ਪਸ਼ੂਆਂ ਨੂੰ ਦੂਜੇ ਪਸ਼ੂਆਂ ਤੋਂ ਵੱਖ ਕਰ ਦੇਣ। ਪਸ਼ੂਆਂ ਦੇ ਡਾਕਟਰਾਂ ਵੱਲੋਂ ਪਸ਼ੂਆਂ ਨੂੰ ਟੀਕੇ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਗਊਸ਼ਾਲਾਵਾਂ ’ਚ ਫੋਗਿੰਗ ਕਰਵਾਈ ਜਾ ਰਹੀ ਹੈ।