ਪ੍ਰਭੂ ਦਿਆਲ
ਸਿਰਸਾ, 26 ਜੁਲਾਈ
ਗੁਲਾਬੀ ਸੁੰਡੀ ਤੇ ਮੀਂਹ ਨਾਲ ਸਾਲ 2020 ਵਿੱਚ ਨੁਕਸਾਨੀਆਂ ਨਰਮੇ ਤੇ ਹੋਰ ਫ਼ਸਲਾਂ ਦਾ ਬੀਮਾ ਕਲੇਮ ਨਾ ਮਿਲਣ ’ਤੇ ਕਿਸਾਨਾਂ ਵਿੱਚ ਭਾਰੀ ਰੋਹ ਹੈ। ਕਲੇਮ ਦੀ ਮੰਗ ਲਈ ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਅਤੇ 27 ਜੁਲਾਈ ਨੂੰ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ। ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਸਾਲ 2020 ਵਿੱਚ ਸਾਉਣੀ ਦੀ ਫ਼ਸਲ ਨਰਮਾ ਤੇ ਹੋਰ ਫ਼ਸਲਾਂ ਗੁਲਾਬੀ ਸੁੰਡੀ ਨਾਲ ਨੁਕਸਾਨੀਆਂ ਗਈਆਂ ਸਨ ਪਰ ਹਾਲੇ ਤੱਕ ਜ਼ਿਲ੍ਹੇ ਦੇ ਕਰੀਬ 111 ਪਿੰਡਾਂ ਦੇ ਕਿਸਾਨਾਂ ਨੂੰ ਕਲੇਮ ਨਹੀਂ ਮਿਲਿਆ ਹੈ। ਇਨ੍ਹਾਂ ਪਿੰਡਾਂ ਵਿੱਚ 26 ਪਿੰਡ ਦਾ ਅਜਿਹੇ ਹਨ, ਜਿਨ੍ਹਾਂ ਦਾ ਬੀਮਾ ਕਲੇਮ ਆਇਆ ਹੀ ਨਹੀਂ, ਜਦੋਂਕਿ ਇਨ੍ਹਾਂ ਪਿੰਡਾਂ ’ਚ ਫ਼ਸਲਾਂ ਦੀ ਕਾਫੀ ਨੁਕਸਾਨ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ 85 ਅਜਿਹੇ ਪਿੰਡ ਹਨ, ਜਿਨ੍ਹਾਂ ’ਚ ਕਿਸਾਨਾਂ ਨੂੰ ਕਲੇਮ ਘੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2021 ਸਾਉਣੀ ਦਾ ਕਲੇਮ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਹੈ, ਜੋ ਕਰੀਬ 92.5 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਬੀਮਾ ਕਲੇਮ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦੀ ਕੋਈ ਅਧਿਕਾਰੀ ਗੱਲ ਹੀ ਨਹੀਂ ਸੁਣ ਰਿਹਾ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 27 ਜੁਲਾਈ ਨੂੰ ਪਿੰਡਾਂ ਦੇ ਕਿਸਾਨ ਬੀਮਾ ਕਲੇਮ ਦੀ ਰਾਸ਼ੀ ਲਈ ਜ਼ਿਲ੍ਹਾ ਖੇਤੀ ਬਾੜੀ ਅਧਿਕਾਰੀ ਦੇ ਦਫ਼ਤਰ ਦਾ ਘਿਰਾਓ ਕਰਨਗੇ। ਇਸ ਮੌਕੇ ’ਤੇ ਅੰਗਰੇਜ਼ ਸਿੰਘ ਕੋਟਲੀ, ਨਿੱਕਾ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ, ਹਰਜੀਵਨ ਸਿੰਘ, ਮਹਿੰਦਰ ਸਿੰਘ, ਸ਼ੈਲੇਂਦਰ ਸਿੰਘ, ਅਮਿ੍ਰਤਪਾਲ ਸਿੰਘ, ਬਲਵਿੰਦਰ ਸਿੰਘ, ਰੋਹਤਾਸ਼ ਕੁਮਾਰ ਤੇ ਗੁਰਚਰਨ ਸਿੰਘ ਸਮੇਤ ਅਨੇਕ ਕਿਸਾਨ ਮੌਜੂਦ ਸਨ।