ਪ੍ਰਭੂ ਦਿਆਲ
ਸਿਰਸਾ, 14 ਅਪਰੈਲ
ਇਥੋਂ ਦੇ ਡੱਬਵਾਲੀ ਰੋਡ ’ਤੇ ਸਥਿਤ ਇਕ ਪੈਲੇਸ ’ਚ ਭਾਜਪਾ ਆਗੂਆਂ ਤੇ ਕਾਰਕੁਨਾਂ ਵੱਲੋਂ ਪੁਲੀਸ ਦੇ ਸਖ਼ਤ ਪਹਿਰੇ ਹੇਠ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ ਅਤੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਸਨ।
ਭਾਜਪਾ ਆਗੂਆਂ ਤੇ ਕਾਰਕੁਨਾਂ ਵੱਲੋਂ ਅੱਜ ਇੱਥੇ ਡਾ. ਅੰਬੇਡਕਰ ਦੀ ਜੈਅੰਤੀ ਮਨਾਈ ਗਈ। ਇਸ ਸਮਾਗਮ ਦਾ ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਖ਼ਦਸ਼ੇ ਵਜੋਂ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਗਿਆ ਸੀ। ਪੁਲੀਸ ਵੱਲੋਂ ਥਾਂ ਥਾਂ ’ਤੇ ਜਿੱਥੇ ਨਾਕੇ ਲਾਏ ਗਏ ਸਨ ਉਥੇ ਹੀ ਪੈਲੇਸ ਦੇ ਅੰਦਰ ਵੀ ਭਾਰੀ ਪੁਲੀਸ ਬਲ ਤਾਇਨਾਤ ਸੀ। ਹਾਲਾਂਕਿ ਡਾ. ਅੰਬੇਡਕਰ ਜੈਅੰਤੀ ਦੇ ਸਮਾਗਮਾਂ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਹੀ ਸੀ। ਸਮਾਗਮ ਦੌਰਾਨ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੋਂ ਇਲਾਵਾ ਸੰਸਦ ਮੈਂਬਰ ਸੁਨੀਤਾ ਦੁੱਗਲ, ਹਰਿਆਣਾ ਦੇ ਮੁੱਖ ਮੰਤਰੀ ਦੇ ਸਾਬਕਾ ਰਾਜਨੀਤਕ ਸਲਾਹਕਾਰ ਜਗਦੀਸ਼ ਚੋਪੜਾ, ਸਾਬਕਾ ਵਿਧਾਇਕ ਰਾਮ ਚੰਦਰ ਕੰਬੋਜ, ਭਾਜਪਾ ਜ਼ਿਲ੍ਹਾ ਪ੍ਰਧਾਨ ਆਦਿੱਤਿਆ ਦੇਵੀਲਾਲ ਚੌਟਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ। ਸ੍ਰੀ ਜਗਦੀਸ਼ ਚੋਪੜਾ ਨੇ ਡਾ. ਅੰਬੇਡਕਰ ਦੀ ਜੀਵਨੀ ’ਤੇ ਚਾਨਣਾ ਪਾਇਆ।
ਕੈਪਸ਼ਨ
ਅੰਬੇਡਕਰ ਜੈਅੰਤੀ ਸਬੰਧੀ ਸਮਾਗਮ ਦੌਰਾਨ ਸਟੇਜ ’ਤੇ ਬੈਠੇ ਭਾਜਪਾ ਆਗੂ।