ਪ੍ਰਭੂ ਦਿਆਲ
ਸਿਰਸਾ, 11 ਜੁਲਾਈ
ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਤੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਕਾਲੇ ਝੰਡੇ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਕਈ ਕਿਸਾਨ ਪੁਲੀਸ ਨੇ ਹਿਰਾਸਤ ਵਿੱਚ ਲੈ ਲਏ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਭਾਜਪਾ ਕਾਰਕੁਨਾਂ ਦੀ ਮੀਟਿੰਗ ’ਚ ਸ਼ਿਰਕਤ ਕਰਨ ਲਈ ਭਾਜਪਾ ਨੇਤਾ ਪੁੱਜੇ ਸਨ। ਭਾਜਪਾ ਨੇਤਾਵਾਂ ਦੀ ਯੂਨੀਵਰਸਿਟੀ ਵਿੱਚ ਆਉਣ ਦੀ ਭਿਣਕ ਜਿਵੇਂ ਹੀ ਕਿਸਾਨਾਂ ਨੂੰ ਲੱਗੀ ਤਾਂ ਉਹ ਯੂਨੀਵਰਸਿਟੀ ਦੇ ਗੇਟਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ। ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਪਰ ਕਈ ਕਿਸਾਨ ਪੁਲੀਸ ਵੱਲੋਂ ਲਾਏ ਗਏ ਬੈਰੀਕੇਡ ਤੋੜਦੇ ਹੋਏ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋ ਗਏ। ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋਏ ਦਰਜਨ ਤੋਂ ਵੱਧ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਕਿਸਾਨਾਂ ਨੇ ਯੂਨੀਵਰਸਿਟੀ ਦੇ ਗੇਟਾਂ ’ਤੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਈ ਵਾਰ ਕਿਸਾਨਾਂ ਨੇ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਲਾਈਆਂ ਗਈਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਕਈ ਵਾਰ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੁੰਦੇ ਰਹੇ। ਬਾਅਦ ਵਿੱਚ ਪੁਲੀਸ ਨੇ ਮੁੜ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋਏ ਕਈ ਹੋਰ ਕਿਸਾਨਾਂ ਨੂੰ ਰਿਹਾਸਤ ਵਿੱਚ ਲੈ ਲਿਆ। ਸਾਰਾ ਦਿਨ ਕਿਸਾਨਾਂ ਤੇ ਪੁਲੀਸ ਵਿਚਾਲੇ ਕਸ਼ਕਸ਼ ਚਲਦੀ ਰਹੀ। ਇਸ ਦੌਰਾਨ ਕਈ ਕਿਸਾਨਾਂ ਦੇ ਕੱਪੜੇ ਵੀ ਪਾਟ ਗਏ। ਪੁਲੀਸ ਨੇ ਕਿਸਾਨਾਂ ਵੱਲੋਂ ਧਰਨੇ ਲਈ ਲਾਇਆ ਗਿਆ ਟੈਂਟ ਵੀ ਪੁੱਟ ਦਿੱਤਾ।