ਪ੍ਰਭੂ ਦਿਆਲ
ਸਿਰਸਾ, 5 ਨਵੰਬਰ
ਹਰਿਆਣਾ ਸਰਵਿਸ ਸਿਲੈਕਸ਼ਨ ਕਮਿਸ਼ਨ ਵੱਲੋਂ ਅੱਜ ਕਰਵਾਈ ਗਈ ਸਾਂਝੀ ਯੋਗਤਾ ਪ੍ਰੀਖਿਆ (ਸੀਈਟੀ) ਦੌਰਾਨ ਪ੍ਰੀਖਿਆਰਥੀਆਂ ਨੂੰ ਕਥਿਤ ਤੌਰ ‘ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਕੇਂਦਰ ਤੱਕ ਪਹੁੰਚਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮ ਨਾਕਾਫੀ ਸਾਬਤ ਹੋਏ। ਪ੍ਰੀਖਿਆਰਥੀਆਂ ਨੂੰ ਆਪਣੇ ਵਾਹਨਾਂ ਜ਼ਰੀਏ ਪ੍ਰੀਖਿਆ ਕੇਂਦਰਾਂ ਤੱਕ ਜਾਣਾ ਪਿਆ। ਦੂਜੇ ਜ਼ਿਲ੍ਹਿਆਂ ਤੋਂ ਆਏ ਪ੍ਰੀਖਿਆਰਥੀਆਂ ਨੂੰ ਰਾਤ ਦਾ ਲੰਬਾ ਸਫਰ ਕਰਨਾ ਪਿਆ। ਨਕਲ ਨੂੰ ਰੋਕਣ ਦੇ ਨਾਂ ‘ਤੇ ਸੁਹਾਗ ਵਾਲੇ ਚੂੜੇ ਤੇ ਵਾਲੀਆਂ ਲੁਹਾਈਆਂ। ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਬਾਹਰੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪ੍ਰੀਖਿਆਰਥੀਆਂ ਨੂੰ ਸੈਂਟਰਾਂ ਤੱਕ ਪਹੁੰਚਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।
ਪ੍ਰੀਖਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਮੂਲ ਜ਼ਿਲ੍ਹੇ ਤੋਂ ਡੇਢ ਸੌ ਤੋਂ ਦੌ ਸੌ ਕਿਲੋਮੀਟਰ ਦੂਰ ਤੱਕ ਬਣਾਏ ਗਏ। ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਰਾਤ ਦਾ ਸਫਰ ਕਰਨਾ ਪਿਆ। ਸਰਕਾਰ ਵੱਲੋਂ ਪ੍ਰੀਖਿਆਰਥੀਆਂ ਨੂੰ ਸੈਂਟਰਾਂ ਤੱਕ ਪਹੁੰਚਾਉਣ ਲਈ ਰੋਡਵੇਜ਼ ਤੋਂ ਇਲਾਵਾ ਸਕੂਲ ਦੀਆਂ ਬੱਸਾਂ ਤੇ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ, ਜੋ ਨਾਕਾਫੀ ਸਾਬਿਤ ਹੋਇਆ। ਪ੍ਰੀਖਿਆਰਥੀਆਂ ਦੇ ਵਾਹਨ ਕਈ ਥਾਂ ਲੰਮੇ ਜਾਮ ਵਿੱਚ ਵੀ ਫਸੇ ਰਹੇ। ਜ਼ਿਲ੍ਹਾ ਸਿਰਸਾ ‘ਚ ਈਸੀਟੀ ਲਈ 38 ਪ੍ਰੀਖਿਆ ਕੇਂਦਰ ਬਣਾਏ ਗਏ ਹਨ।