ਪ੍ਰਭੂ ਦਿਆਲ
ਸਿਰਸਾ, 12 ਮਈ
ਮਜ਼ਦੂਰ ਏਕਤਾ ਦੇ ਬੈਨਰ ਹੇਠ ਵੱਖ-ਵੱਖ ਪਿੰਡਾਂ ਦੇ ਮਜ਼ਦੂਰਾਂ ਨੇ ਮਨਰੇਗਾ ਤਹਿਤ ਪੂਰਾ ਸਾਲ ਕੰਮ ਤੇ ਦਿਹਾੜੀ ਪੰਜ ਸੌ ਰੁਪਏ ਦੇਣ ਦੀ ਮੰਗ ਵਾਸਤੇ ਅੱਜ ਇਥੇ ਮਿੰਨੀ ਸਕੱਤਰੇਤ ’ਚ ਮੁਜ਼ਾਹਰਾ ਕੀਤਾ। ਇਸ ਦੌਰਾਨ ਮਜ਼ਦੂਰਾਂ ਨੇ ਐਤਕੀਂ ਝੋਨੇ ਦੀ ਲੁਆਈ ਪੰਜ ਹਜ਼ਾਰ ਰੁਪਏ ਪ੍ਰਤੀ ਕਿੱਲਾ ਤੈਅ ਕੀਤੇ ਜਾਣ ਦੀ ਵੀ ਮੰਗ ਕੀਤੀ। ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਮਿੰਨੀ ਸਕੱਤਰੇਤ ਦੇ ਬਾਹਰ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਹਿੰਗਾਈ ਕਾਰਨ ਗੁਜ਼ਾਰਾ ਔਖਾ ਹੋ ਗਿਆ ਹੈ। ਮਜ਼ਦੂਰਾਂ ਨੂੰ ਨਾ ਤਾਂ ਕੰਮ ਮਿਲ ਰਿਹਾ ਹੈ ਤੇ ਨਾ ਹੀ ਪੂਰੀ ਦਿਹਾੜੀ। ਮਨਰੇਗਾ ਤਹਿਤ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ ਘੱਟ ਪੰਜ ਸੌ ਰੁਪਏ ਕੀਤੀ ਜਾਏ। ਮਜ਼ਦੂਰਾਂ ਨੇ ਐਤਕੀਂ ਝੋਨੇ ਦੀ ਲੁਆਈ ਪੰਜ ਕਿੱਲਿਆਂ ਤੱਕ ਪੰਜ ਹਜ਼ਾਰ ਤੇ ਪੰਜ ਕਿੱਲਿਆਂ ਤੋਂ ਜ਼ਿਆਦਾ ਵਾਲੇ ਕਿਸਾਨ ਤੋਂ ਛੇ ਹਜ਼ਾਰ ਰੁਪਏ ਪ੍ਰਤੀ ਕਿੱਲਾ ਲਏ ਜਾਣ ਦੀ ਵੀ ਮੰਗ ਕੀਤੀ। ਮਜ਼ਦੂਰਾਂ ਨੇ ਬੁਢਾਪਾ ਪੈਨਸ਼ਨ ਪੰਜ ਹਜ਼ਾਰ ਰੁਪਏ ਮਹੀਨਾ ਕੀਤੇ ਜਾਣ ਤੋਂ ਇਲਾਵਾ ਐਤਕੀਂ ਕਣਕ ਦੇ ਘੱਟ ਝਾੜ ਨਿਕਲਣ ’ਤੇ ਮਜ਼ਦੂਰਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ। ਇਸ ਦੌਰਾਨ ਵੱਡੀ ਗਿਣਤੀ ’ਚ ਇਲਾਕੇ ਦੇ ਮਜ਼ਦੂਰ ਮੌਜੂਦ ਸਨ।