ਪ੍ਰਭੂ ਦਿਆਲ
ਸਿਰਸਾ, 8 ਜੁਲਾਈ
ਘਰੇਲੂ ਤੇ ਖੇਤੀ ਲਈ ਦਿੱਤੀ ਜਾਣ ਵਾਲੀ ਬਿਜਲੀ ’ਚ ਲੱਗ ਰਹੇ ਅਣਐਲਾਨੇ ਕਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਬਿਜਲੀ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਆਪਣੀ ਸਮੱਸਿਆ ਐਕਸੀਅਨ ਨੂੰ ਦੱਸਣ ਜਾਂਦੇ ਕਿਸਾਨਾਂ ਨੂੰ ਪੁਲੀਸ ਨੇ ਰੋਕਿਆ ਤਾਂ ਕਿਸਾਨਾਂ ਨੇ ਬਿਜਲੀ ਘਰ ਦੇ ਬਾਹਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ ਤੇ ਭਾਰਤੀ ਕਿਸਾਨ ਏਕਤਾ (ਚਡੂਨੀ) ਦੇ ਆਗੂ ਭੁਪਿੰਦਰ ਸਿੰਘ ਨੇ ਦੱਸਿਆ ਕਿ ਘਰੇਲੂ ਤੇ ਖੇਤੀ ਵਾਲੀ ਦਿੱਤੀ ਜਾਣ ਵਾਲੀ ਬਿਜਲੀ ’ਚ ਅਣਐਲਾਨੇ ਲੰਮੇ ਕੱਟਾਂ ਕਾਰਨ ਕਿਸਾਨ ਤੇ ਆਮ ਲੋਕ ਔਖੇ ਹਨ। ਇਸ ਦੌਰਾਨ ਜਦੋਂ ਕਿਸਾਨ ਜਦੋਂ ਆਪਣੀ ਸਮੱਸਿਆ ਬਿਜਲੀ ਨਿਗਮ ਦੇ ਐਕਸੀਅਨ ਨੂੰ ਦੱਸਣ ਲਈ ਬਿਜਲੀ ਘਰ ਜਾ ਰਹੇ ਸਨ ਤਾਂ ਪੁਲੀਸ ਨੇ ਬਿਜਲੀ ਘਰ ਦੇ ਗੇਟ ਬੰਦ ਕਰਕੇ ਕਿਸਾਨਾਂ ਨੂੰ ਰੋਕ ਲਿਆ। ਇਸ ’ਤੇ ਕਿਸਾਨਾਂ ਨੇ ਬਿਜਲੀ ਘਰ ਦੇ ਮੁੱਖ ਗੇਟ ਅੱਗੇ ਧਰਨਾ ਲਗਾ ਦਿੱਤਾ।