ਪ੍ਰਭੂ ਦਿਆਲ
ਸਿਰਸਾ, 15 ਸਤੰਬਰ
ਜ਼ਿਲ੍ਹਾ ਸਿਰਸਾ ਦੇ 16 ਪਿੰਡਾਂ ਦੇ ਕਿਸਾਨਾਂ ਨੇ ਇਕਜੁੱਟ ਹੁੰਦਿਆਂ ਕਿਹਾ ਹੈ ਕਿ ਜੇ ਭਾਖੜਾ ਮੇਨ ਬਰਾਂਚ ਦੇ ਮੌਜਗੜ੍ਹ ਹੈੱਡ ਨੂੰ ਰਾਜਸੀ ਦਬਾਅ ਨਾਲ ਜਬਰੀ ਤੋੜਿਆ ਤਾਂ ਕਿਸਾਨ ਤਿੱਖਾ ਅੰਦੋਲਨ ਕਰਨਗੇ। ਮੌਜਗੜ੍ਹ ਹੈੱਡ ਨੂੰ ਨਹੀਂ ਟੁੱਟਣ ਦਿੱਤਾ ਜਾਵੇਗਾ ਤੇ ਇਨ੍ਹਾਂ ਪਿੰਡਾਂ ਦੇ ਹਿੱਸੇ ਦੇ ਪਾਣੀ ਦੀ ਬੂੰਦ ਵੀ ਅੱਗੇ ਨਹੀਂ ਜਾਣ ਦਿੱਤੀ ਜਾਵੇਗੀ। ਇਹ ਐਲਾਨ ਅੱਜ ਪਿੰਡ ਮੌਜਗੜ੍ਹ, ਮਸੀਤਾਂ, ਲਖੂਆਣਾ, ਅਬੂਬਸ਼ਹਿਰ, ਗਿੱਦੜਖੇੜਾ, ਗੰਗਾ, ਸਖੇਰਾਖੇੜਾ, ਜੰਡਵਾਲਾ ਬਿਸ਼ਨੋਈਆਂ, ਲੰਬੀ, ਕਾਲੂਆਣਾ, ਮੋਡੀ, ਗੋਦੀਕਾ, ਰਾਜਪੁਰਾ ਮਾਜਰਾ ਅਤੇ ਸਕਤਾਖੇੜਾ ਦੇ ਕਿਸਾਨਾਂ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਕਰਕੇ ਕੀਤਾ। ਕਿਸਾਨਾਂ ਨੇ ਦੱਸਿਆ ਹੈ ਕਿ ਭਾਖੜਾ ਮੇਨ ਬਰਾਂਚ ’ਚ ਮੌਜਗੜ੍ਹ ਨੇੜੇ ਹੈੱਡ ਹੈ, ਜਿਸ ਚੋਂ ਸੱਤ ਮਾਈਨਰ ਨਿਕਲਦੇ ਹਨ, ਜਿਨ੍ਹਾਂ ਨਾਲ ਇਨ੍ਹਾਂ ਪਿੰਡਾਂ ਨੂੰ ਪੀਣ ਤੇ ਸਿੰਜਾਈ ਲਈ ਪਾਣੀ ਮਿਲਦਾ ਹੈ ਪਰ ਹੁਣ ਕੁਝ ਰਾਜਸੀ ਦਬਾਅ ਕਾਰਨ ਮੌਜਗੜ੍ਹ ਹੈੱਡ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਇਸ ਸਬੰਧੀ ਕਿਸਾਨ 18 ਸਤੰਬਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਿਰਸਾ ਦੌਰੇ ਦੌਰਾਨ ਮਿਲਣਗੇ ਜੇ ਉਨ੍ਹਾਂ ਨੇ ਕਿਸਾਨਾਂ ਦੀ ਇਸ ਜਾਇਜ਼ ਮੰਗ ਨੂੰ ਪੂਰਾ ਨਾ ਕੀਤਾ ਤਾਂ ਕਿਸਾਨ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ’ਤੇ ਵੇਦਪਾਲ ਡਾਂਗੀ, ਮਦਨ ਭਾਂਭੂ, ਸੁਰਿੰਦਰ ਸਿੰਗਲਾ, ਜਗਮਿੰਦਰ ਸਿੰਘ ਮਾਖਾ ਤੇ ਸਤਪਾਲ ਸਮੇਤ ਕਈ ਕਿਸਾਨ ਮੌਜੂਦ ਸਨ।